ਬੀ. ਸੀ. ਬੰਦਰਗਾਹ ਹੜਤਾਲ : ਮੈਂਬਰਾਂ ਨੂੰ ਆਰਜ਼ੀ ਸੌਦੇ ਨੂੰ ਸਵੀਕਾਰ ਕਰਨ ਦੀ ਸਿਫ਼ਾਰਿਸ਼ ਕਰੇਗੀ ਯੂਨੀਅਨ

Victoria- ਇੰਟਰਨੈਸ਼ਨਲ ਲੋਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਕੈਨੇਡਾ (ਆਈ. ਐੱਲ. ਡਬਲਯੂ. ਯੂ. ਕੈਨੇਡਾ) ਦਾ ਕਹਿਣਾ ਹੈ ਕਿ ਉਹ ਆਪਣੀ ਮੈਂਬਰਸ਼ਿਪ ਦੇ ਲਈ ਇੱਕ ਆਰਜ਼ੀ ਸੌਦੇ ਦੀਆਂ ਸ਼ਰਤਾਂ ਦੀ ਸਿਫ਼ਾਰਿਸ਼ ਲਈ ਆਉਣ ਵਾਲੇ ਮੰਗਲਵਾਰ ਨੂੰ ਇੱਕ ਬੈਠਕ ਕਰੇਗੀ। ਇਸ ਸੌਦੇ ਨਾਲ ਯੂਨੀਅਨ ਅਤੇ ਬਿ੍ਰਟਿਸ਼ ਕੋਲੰਬੀਆ ਮੈਰੀਟਾਈਮ ਇੰਪਲੋਇਰਜ਼ ਐਸੋਸੀਏਸ਼ਨ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਹੋਣ ਦੀ ਸੰਭਾਵਨਾ ਹੈ। ਅੱਜ ਸਵੇਰੇ ਇੱਕ ਪੱਤਰ ਜਾਰੀ ਕਰਕੇ ILWU ਕੈਨੇਡਾ ਨੇ ਦੱਸਿਆ ਕਿ ਉਸ ਵਲੋਂ ਮੰਗਲਵਾਰ ਨੂੰ ਸਵੇਰੇ 8 ਵਜੇ ਸਟਾਪ-ਵਰਕ ਬੈਠਕ ਕੀਤੀ ਜਾਵੇਗੀ, ਜਿਸ ’ਚ ਉਹ ਮੈਂਬਰਸ਼ਿਪ ਲਈ ਸੌਦੇ ਦੀਆਂ ਸ਼ਰਤਾਂ ਰੱਖੇਗੀ। ਇਸ ਮਗਰੋਂ ਜੇਕਰ ਮੈਂਬਰ ਇਸ ਸੌਦੇ ਨੂੰ ਸਵੀਕਾਰ ਕਰ ਲੈਂਦੇ ਹਨ ਤਾਂ ਵਿਵਾਦ ਖ਼ਤਮ ਹੋ ਜਾਵੇਗਾ। ਉੱਧਰ ਇਸ ਬਾਰੇ ’ਚ ਪੁਸ਼ਟੀ ਕਰਦਿਆਂ ਕੇਂਦਰੀ ਲੇਬਰ ਮੰਤਰੀ ਸੀਮਸ ਓਰੇਗਨ ਨੇ ਯੂਨੀਅਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ‘‘ਫਿਲਹਾਲ ਬੀ. ਸੀ. ਬੰਦਰਗਾਹਾਂ ਕੰਮ ਕਰ ਰਹੀਆਂ ਹਨ ਪਰ ਸਾਨੂੰ ਲੰਬੇ ਸਮੇਂ ਦੀ ਸਥਿਰਤਾ ਦੀ ਲੋੜ ਹੈ।’’ ਇਸ ਬਾਰੇ ’ਚ ਯੂਨੀਅਨ ਦੇ ਪ੍ਰਧਾਨ ਰਾਬਰਟ ਐਸ਼ਟਨ ਨੇ ਇੱਕ ਬਿਆਨ ’ਚ ਦੱਸਿਆ ਕਿ ਮੈਂਬਰ ਆਉਣ ਵਾਲੇ ਮੰਗਲਵਾਰ ਨੂੰ ਸਵੇਰੇ 8 ਵਜੇ ਬੈਠਕ ਲਈ ਛੁੱਟੀ ਲੈਣਗੇ।