Victoria- ਬ੍ਰਿਟਿਸ਼ ਕੋਲੰਬੀਆ ’ਚ ਸਾਲ 2023 ਦੌਰਾਨ ਜੰਗਲੀ ਅੱਗ ਨੇ ਪੂਰੇ ਸੂਬੇ ’ਚ 2 ਮਿਲੀਅਨ ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਤਬਾਹ ਕਰ ਦਿੱਤਾ ਹੈ। ਐਤਵਾਰ, 3 ਸਤੰਬਰ ਦੀ ਦੁਪਹਿਰ ਤੱਕ, ਸੂਬੇ ’ਚ 2,072 ਜੰਗਲੀ ਅੱਗ ਰਿਕਾਰਡ ਕੀਤੀ ਗਈ, ਜਿਸ ਨਾਲ 2,189,160.187 ਹੈਕਟੇਅਰ ਰਕਬਾ ਤਬਾਹ ਹੋ ਗਿਆ ਹੈ।
ਅੱਗ ਕਾਰਨ ਲਗਭਗ ਤਿੰਨ-ਚੌਥਾਈ ਨੁਕਸਾਨ, ਕਰੀਬ 1.7 ਮਿਲੀਅਨ ਹੈਕਟੇਅਰ ਖੇਤਰ, ਉੱਤਰ-ਪੂਰਬੀ ਬ੍ਰਿਟਿਸ਼ ਕੋਲੰਬੀਆ ’ਚ ਪ੍ਰਿੰਸ ਜਾਰਜ ਫਾਇਰ ਸੈਂਟਰ ਦੇ ਖੇਤਰ ’ਚ ਹੋਇਆ ਹੈ। ਹਾਲਾਂਕਿ, ਸੂਬੇ ਦੇ ਹੋਰਨਾਂ ਖੇਤਰਾਂ ’ਚ ਵੀ ਅੱਗ ਨੇ ਭਿਆਨਕ ਤਬਾਹੀ ਮਚਾਈ ਹੈ। ਕੈਮਲੂਪਸ ਫਾਇਰ ਸੈਂਟਰ ਦਾ ਖੇਤਰ, ਜਿਸ ’ਚ ਓਕਾਨਾਗਨ ਅਤੇ ਸਿਮਿਲਕਾਮੀਨ ਘਾਟੀਆਂ ਸ਼ਾਮਿਲ ਹਨ, ’ਚ 191,000 ਹੈਕਟੇਅਰ ਤੋਂ ਵੱਧ ਜ਼ਮੀਨ ਤਬਾਹ ਹੋ ਚੁੱਕੀ ਹੈ। ਨਾਰਥਵੈਸਟ ਫਾਇਰ ਸੈਂਟਰ ਦੇ ਖੇਤਰ ਵਿੱਚ, 149,000 ਹੈਕਟੇਅਰ ਤੋਂ ਵੱਧ ਜ਼ਮੀਨ ਅੱਗ ਦੀ ਭੇਟ ਚੜ੍ਹ ਚੁੱਕੀ ਹੈ।
2023 ਦਾ ਜੰਗਲੀ ਅੱਗ ਸੀਜ਼ਨ, ਜੋ ਕਿ 1 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਸੂਬੇ ਦੇ ਇਤਿਹਾਸ ’ਚ ਹੁਣ ਤੱਕ ਦਾ ਸਭ ਤੋਂ ਭੈੜਾ ਰਿਹਾ ਹੈ। 17 ਜੁਲਾਈ ਤੱਕ, ਅੱਗ ਦਾ ਸੀਜ਼ਨ ਰਿਕਾਰਡ ’ਤੇ ਸਭ ਤੋਂ ਵੱਧ ਵਿਨਾਸ਼ਕਾਰੀ ਬਣ ਗਿਆ ਸੀ।
ਇਸ ਤੋਂ ਪਹਿਲਾਂ, ਬ੍ਰਿਟਿਸ਼ ਕੋਲੰਬੀਆ ਦਾ ਰਿਕਾਰਡ ’ਤੇ ਸਭ ਤੋਂ ਭਿਆਨਕ ਅੱਗ ਦਾ ਸੀਜ਼ਨ ਸਾਲ 2018 ’ਚ ਦੇਖਿਆ ਗਿਆ ਸੀ, ਜਦੋਂ 2,118 ਅੱਗਾਂ ਨੇ 1.34 ਮਿਲੀਅਨ ਹੈਕਟੇਅਰ ਰਕਬੇ ਨੂੰ ਤਬਾਹ ਕਰ ਦਿੱਤਾ ਸੀ। 2017 ਦੇ ਸੀਜ਼ਨ ’ਚ 1.2 ਮਿਲੀਅਨ ਹੈਕਟੇਅਰ ਤੋਂ ਜ਼ਮੀਨ ਸੜ ਗਈ ਸੀ। 2023 ਤੋਂ ਪਹਿਲਾਂ ਸਿਰਫ ਇਹੀ ਅੱਗ ਦੇ ਮੌਸਮ ਸਨ, ਜਿਨ੍ਹਾਂ ਨੇ 1 ਮਿਲੀਅਨ ਹੈਕਟੇਅਰ ਜ਼ਮੀਨ ਨੂੰ ਪ੍ਰਭਾਵਿਤ ਕੀਤਾ ਸੀ।
ਕੈਨੇਡਾ ਨੇ ਦੇਸ਼ ਵਿਆਪੀ ਜੰਗਲੀ ਅੱਗ ਦੇ ਮੌਸਮ ’ਚ ਵੀ ਇੱਕ ਰਿਕਾਰਡ ਕਾਇਮ ਕੀਤਾ ਹੈ। 26 ਜੂਨ ਨੂੰ, ਕੌਮੀ ਜੰਗਲੀ ਅੱਗ ਦੇ ਅੰਕੜੇ ਦਿਖਾਉਂਦੇ ਹਨ ਕਿ ਦੇਸ਼ ਭਰ ’ਚ 76,129 ਹੈਕਟੇਅਰ ਜ਼ਮੀਨ ਜੰਗਲੀ ਅੱਗ ਕਾਰਨ ਨੁਕਸਾਨੀ ਗਈ ਸੀ। ਕੌਮੀ ਪੱਧਰ ’ਤੇ, 1 ਜਨਵਰੀ ਤੋਂ 31 ਦਸੰਬਰ ਤੱਕ ਜੰਗਲੀ ਅੱਗ ਦੇ ਨੁਕਸਾਨ ਦੀ ਗਣਨਾ ਕੀਤੀ ਜਾਂਦੀ ਹੈ। 2023 ਤੋਂ ਪਹਿਲਾਂ, ਕੈਨੇਡਾ ਭਰ ’ਚ ਜੰਗਲੀ ਅੱਗ ਲਈ ਸਭ ਤੋਂ ਭੈੜਾ ਸਾਲ 1989 ਸੀ।