ਡੈਸਕ- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਤੀਜੀ ਵਾਰ ਆਪਣੀ ਕੈਬਨਿਟ ਚ ਵਿਸਥਾਰ ਕੀਤਾ ਹੈ । ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁਡੀਆਂ ਅਤੇ ਜਲੰਧਰ ਲੋਕ ਸਭਾ ਜ਼ਿਮਣੀ ਚੋਣ ਚ ਹਲਕਾ ਕਰਤਾਰਪੁਰ ਤੋਂ ਵੱਡੀ ਲੀਡ ਹਾਸਲ ਕਰਨ ਵਾਲੇ ਬਲਕਾਰ ਸਿੰਘ ਨੂੰ ਲਾਲ ਬੱਤੀ ਦਿੱਤੀ ਗਈ ਹੈ । ਇਸਤੋਂ ਪਹਿਲਾਂ ਬੀਤੀ ਸ਼ਾਮ ਸਥਾਣਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ । ਹਾਲਾਂਕਿ ਇਸ ਨੂੰ ਨਿੱਜੀ ਕਾਰਣ ਦੱਸਿਆ ਜਾ ਰਿਹਾ ਹੈ । ਪਰ ਚਰਚਾ ਹੈ ਕਿ ਇੱਕ ਪੰਜਾਬੀ ਅਖਬਾਰ ਦੇ ਸੰਪਾਦਕ ਦੀ ਹਿਮਾਇਤ ਕਰਨ ਨੂੰ ਲੈ ਕੇ ਨਿੱਜਰ ਦੀ ਛੁੱਟੀ ਕੀਤੀ ਗਈ ਹੈ ।
ਸਵੇਰੇ 11 ਵਜੇ ਪੰਜਾਬ ਭਵਨ ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦੋਹਾਂ ਵਿਧਾਇਕਾਂ ਨੂੰ ਮੰਤਰੀ ਪਦ ਅਤੇ ਭੇਤ ਗੁਪਤ ਰਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਕਈ ਹੋਰ ਸੀਨੀਅਰ ਨੇਤਾ ਇਸ ਮੌਕੇ ਮੌਜੂਦ ਸਨ ।‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਚੰਡੀਗੜ੍ਹ ਆ ਰਹੇ ਹਨ ।ਰਾਤ ਵੇਲੇ ਕੇਜਰੀਵਾਲ ਵਲਲੋਂ ਕੈਬਨਿਟ ਨਾਲ ਡਿਨਰ ਵੀ ਕੀਤਾ ਜਾਵੇਗਾ।
ਮੰਤਰੀ ਦਾ ਅਹੁਦਾ ਮਿਲਣ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆ ਦੋਹਾਂ ਨੇਤਾਵਾਂ ਨੇ ਕਿਹਾ ਕਿ ਸੁਪਰੀਮੋ ਕੇਜਰੀਵਾਲ ਅਤੇ ਸੀ.ਐੱਮ ਭਗਵੰਨ ਮਾਨ ਵਲੋਂ ਉਨ੍ਹਾਂ ‘ਤੇ ਜੋ ਵਿਸ਼ਵਾਸ ਜਤਾਇਆ ਗਿਆ ਹੈ , ਉਹ ਉਸ’ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਣਗੇ ।