ਡੈਸਕ- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਫਾਰਮ ਹਾਊਸ, ਜੇਲ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਬਾਅਦ ਦੁਪਹਿਰ ਕੀਤਾ ਜਾਵੇਗਾ। ਬਲਵੰਤ ਸਿੰਘ ਨੰਦਗੜ੍ਹ 1997 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਬਣੇ ਸਨ। 2003 ਵਿਚ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ।
ਕਿਹਾ ਜਾਂਦਾ ਹੈ ਕਿ ਬਲਵੰਤ ਸਿੰਘ ਨੰਦਗੜ੍ਹ ਨੇ ਕੌਮ ਦੀ ਵੱਖਰੀ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਡਟ ਕੇ ਸਟੈਂਡ ਲਿਆ ਭਾਵੇਂ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਜਥੇਦਾਰੀ ਵੀ ਛੱਡਣੀ ਪਈ। ਦਰਬਾਰ-ਏ-ਖਾਲਸਾ ਜਥੇਬੰਦੀ ਵਲੋ ਜਥੇਦਾਰ ਨੰਦਗੜ ਦੀ ਅਗਵਾਈ ਹੇਠ 14 ਅਕਤੂਬਰ 2018 ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਮਨਾਏ ਗਏ ‘ਲਾਹਣਤ ਦਿਹਾੜੇ’ ਦੌਰਾਨ ਪ੍ਰਕਾਸ਼ ਸਿੰਘ ਬਾਦਲ ਸਬੰਧੀ ‘ਲਾਹਣਤ ਪੱਤਰ’ ਵੀ ਪੜ੍ਹਿਆ ਗਿਆ ਸੀ ।