ਡੈਸਕ- ਬਰਨਾਲਾ ‘ਚ ਹਵਲਦਾਰ ਕ.ਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਹਵਲਦਾਰ ਦਰਸ਼ਨ ਸਿੰਘ ਦਾ ਕਤਲ ਕਰਨ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਦਾ ਉਨ੍ਹਾਂ ਨਾਲ ਐਨਕਾਊਂਟਰ ਵੀ ਹੋਇਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਦੋਸ਼ੀ ਨੂੰ ਗੋਲੀ ਲੱਗ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਇੱਕ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮਾਂਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਬਰਨਾਲਾ ਦੇ ਥਾਣਾ ਸਿਟੀ ਵਨ ‘ਚ ਤਾਇਨਾਤ ਹਵਲਦਾਰ ਦਰਸ਼ਨ ਸਿੰਘ ਨੇ ਐਤਵਾਰ ਦੇਰ ਰਾਤ 25 ਏਕੜ ਦੇ ਇਲਾਕੇ ‘ਚ ਗਏ ਸਨ। ਇੱਥੇ ਇੱਕ ਰੈਸਟੋਰੈਂਟ ਸਟਾਫ ਅਤੇ ਖਿਡਾਰੀਆਂ ਵਿਚਾਲੇ ਝਗੜੇ ਦੀ ਸੂਚਨਾ ਮਿਲੀ ਸੀ।
ਹੌਲਦਾਰ ਦਰਸ਼ਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕਾਂਸਟੇਬਲ ਖਿਡਾਰੀਆਂ ਨੂੰ ਕਾਰ ‘ਚ ਬਿਠਾ ਰਿਹਾ ਸੀ ਤਾਂ ਉਨ੍ਹਾਂ ਦਾ ਕਾਂਸਟੇਬਲ ਨਾਲ ਝਗੜਾ ਹੋ ਗਿਆ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਹੌਲਦਾਰ ਦਰਸ਼ਨ ਸਿੰਘ ਦੇ ਕਤਲ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਲਈ 2 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। ਮਾਨ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਜਦਕਿ 1 ਕਰੋੜ ਰੁਪਏ ਬੈਂਕ ਵੱਲੋਂ ਬੀਮੇ ਵਜੋਂ ਪ੍ਰਾਪਤ ਕੀਤੇ ਜਾਣਗੇ।