ਸਾਢੇ ਤਿੰਨ ਸਾਲ ਦੀ ਉਡੀਕ ਖ਼ਤਮ, ਬਠਿੰਡਾ ਤੋਂ ਦਿੱਲੀ ਲਈ ਫਿਰ ਤੋਂ ਸ਼ੁਰੂ ਹੋ ਰਹੀ ਫਲਾਈਟ

ਡੈਸਕ- ਹਵਾਈ ਸਫਰ ਰਾਹੀਂ ਬਠਿੰਡਾ ਤੋਂ ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਸਾਢੇ ਤਿੰਨ ਸਾਲਾਂ ਤੋਂ ਬੰਦ ਪਿਆ ਬਠਿੰਡਾ ਹਵਾਈ ਅੱਡਾ ਬੁੱਧਵਾਰ ਤੋਂ ਖੁੱਲ੍ਹੇਗਾ। ਇਸ ਦੀ ਸ਼ੁਰੂਆਤ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ। ਬਠਿੰਡਾ ਤੋਂ ਦਿੱਲੀ ਲਈ ਦੁਪਹਿਰ 12:30 ਵਜੇ ਜਹਾਜ਼ ਉਡਾਣ ਭਰੇਗਾ। ਇਹ ਫਲਾਈਟ 1 ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਉਡਾਣ ਦਾ ਸਮਾਂ ਸਵੇਰੇ 10:30 ਵਜੇ ਦਾ ਹੈ ਜਦੋਂ ਕਿ 12:10 ਵਜੇ ਇਹ ਫਲਾਇਟ ਬਠਿੰਡਾ ’ਚ ਉਤਰੇਗੀ।

ਦੱਸ ਦੇਈਏ ਕਿ ਲੁਧਿਆਣਾ ਵਿਚ CM ਭਗਵੰਤ ਮਾਨ ਨੇ ਫਲਾਈਟ ਸ਼ੁਰੂ ਕਰਵਾਈ ਸੀ, ਜਿਸ ਤੋਂ ਬਾਅਦ ਕੋਰੋਨਾ ਤੋਂ ਬਾਅਦ ਬੰਦ ਕੀਤੇ ਗਏ ਬਠਿੰਡਾ ਦੇ ਏਅਰਪੋਰਟ ਨੂੰ ਵੀ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਸੀ। ਸੂਤਰਾਂ ਅਨੁਸਾਰ ਫਲਾਈਟ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੀ ਇੱਥੇ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਫਲਾਈਬਿੱਗ ਕੰਪਨੀ ਨੂੰ ਬਠਿੰਡਾ ਤੋਂ ਉਡਾਣਾਂ ਸ਼ੁਰੂ ਕਰਨ ਦਾ ਠੇਕਾ ਮਿਲ ਗਿਆ ਹੈ। ਜਿਸ ਰਾਹੀਂ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦਾ ਕਿਰਾਇਆ ਵੀ 999 ਰੁਪਏ ਰੱਖਿਆ ਗਿਆ ਹੈ।

ਫਿਲਹਾਲ ਕੰਪਨੀ 19 ਸੀਟਾਂ ਵਾਲਾ ਜਹਾਜ਼ ਚਲਾਏਗੀ, ਜਿਸ ਤੋਂ ਬਾਅਦ ਲੋੜ ਪੈਣ ’ਤੇ ਵੱਡਾ ਜਹਾਜ਼ ਵੀ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਹਫ਼ਤੇ ਦੇ ਸਾਰੇ ਦਿਨ ਉਡਾਣਾਂ ਚਲਾਉਣ ਦੀ ਮੰਗ ਕੀਤੀ ਗਈ ਹੈ। DC ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਉਡਾਣਾ ਚਲਾਉਣ ਦਾ ਪ੍ਰੋਗਰਾਮ ਤਕਨੀਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ। ਜਦੋਂ ਕਿ ਉਨ੍ਹਾਂ ਨੇ ਹਫ਼ਤੇ ਦੇ ਸਾਰੇ ਦਿਨ ਉਡਾਣਾ ਚਲਾਉਣ ਦੀ ਮੰਗ ਕੀਤੀ ਹੈ।