ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਇਸ ਸਮੇਂ ਭਾਰਤ ਦੌਰੇ ‘ਤੇ ਹਨ,,ਵਿਸ਼ੇਸ਼ ਤੌਰ ਤੇ ਪੰਜਾਬ ਵਿਚ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵਮਤ ਮਾਨ ਨਾਲ਼ ਮੁਲਾਕਾਤ ਕੀਤੀ ਗਈ,,ਜਿੱਥੇ ਉਨ੍ਹਾਂ ਦਾ ਪੰਜਾਬ ਸਰਕਾਰ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ,, ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਪੰਜਾਬ ਵੱਲੋਂ ਕੀਤੀ ਗਈ ਮਹਿਮਾਨਨਿਵਾਜ਼ੀ ਨੇ ਮੇਰੇ ਦੌਰੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ ਹੈ।” ਦੋਵਾਂ ਪਾਸਿਆਂ ਦੇ ਲੋਕਾਂ ਦਰਮਿਆਨ ਆਪਸੀ ਸਾਂਝ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਪੰਜਾਬ ਹਮੇਸ਼ਾ ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦਾ ਹੈ ਅਤੇ ਲੋਕਾਂ ਦਰਮਿਆਨ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਣਾ ਚਾਹੀਦਾ ਹੈ।” ਪ੍ਰੀਮੀਅਰ ਨੇ ਹੋਰ ਨੇੜਲੇ ਸਬੰਧਾਂ ਲਈ ਉਤਸੁਕਤਾ ਪ੍ਰਗਟ ਕਰਦਿਆਂ, ਕਿਹਾ, “ਅਸੀਂ ਪੰਜਾਬ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਇੱਛੁਕ ਹਾਂ ਅਤੇ ਹੁਨਰ ਵਿਕਾਸ, ਊਰਜਾ ਤੇ ਹੋਰ ਖੇਤਰਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੇ ਮੌਕਿਆਂ ਦੀ ਪੜਚੋਲ ਕਰਾਂਗੇ।”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਆਪਸੀ ਸਹਿਯੋਗ ਵਧਾਇਆ ਜਾ ਸਕੇ ਅਤੇ ਦੋਵਾਂ ਖਿੱਤਿਆਂ ਦੇ ਕਾਰੋਬਾਰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ, “ਕੈਨੇਡਾ ਹਮੇਸ਼ਾ ਭਾਰਤ ਅਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਅਸੀਂ ਕੈਨੇਡਾ ਅਤੇ ਪੰਜਾਬ ਦਰਮਿਆਨ ਮਜ਼ਬੂਤ ਵਪਾਰਕ ਅਤੇ ਨਿਵੇਸ਼ ਸਬੰਧਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ।” ਕੈਨੇਡਾ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲੈਣ ਦਾ ਸੱਦਾ ਦਿੰਦਿਆਂ, ਉਨ੍ਹਾਂ ਕਿਹਾ, ” ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਵਿਸ਼ੇਸ਼ ਵਪਾਰਕ ਵਫ਼ਦ, ਖੇਤਰੀ ਸੈਸ਼ਨ ਅਤੇ ਉੱਚ-ਪੱਧਰੀ ਗੋਲਮੇਜ਼ ਕਾਨਫਰੰਸਾਂ ਸ਼ਾਮਲ ਹੋਣਗੀਆਂ, ਜੋ ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨਗੀਆਂ।”





