Punjab Kings vs Royal Challengers Bengaluru 58th Match: ਵਿਰਾਟ ਕੋਹਲੀ (92) ਅਤੇ ਰਜਤ ਪਾਟੀਦਾਰ (55) ਦੀਆਂ ਧਮਾਕੇਦਾਰ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐੱਲ 2024 ਦੇ 58ਵੇਂ ਮੈਚ ‘ਚ ਪੰਜਾਬ ਕਿੰਗਜ਼ ਨੂੰ 60 ਦੌੜਾਂ ਨਾਲ ਹਰਾ ਦਿੱਤਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਗਏ ਇਸ ‘ਕਰੋ ਜਾਂ ਮਰੋ’ ਮੈਚ ‘ਚ ਜਿੱਤ ਤੋਂ ਬਾਅਦ ਬੇਂਗਲੁਰੂ ਅਜੇ ਵੀ ਪਲੇਆਫ ਦੀ ਦੌੜ ‘ਚ ਹੈ। ਇਸ ਦੇ ਨਾਲ ਹੀ ਇਸ ਹਾਰ ਤੋਂ ਬਾਅਦ ਪੰਜਾਬ ਦੀ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 7 ਵਿਕਟਾਂ ‘ਤੇ 241 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਫਿਰ ਪੰਜਾਬ ਨੂੰ 17 ਓਵਰਾਂ ‘ਚ 181 ਦੌੜਾਂ ‘ਤੇ ਆਲ ਆਊਟ ਕਰ ਦਿੱਤਾ।
ਬੈਂਗਲੁਰੂ ਦੀ 12 ਮੈਚਾਂ ‘ਚ ਇਹ ਲਗਾਤਾਰ ਚੌਥੀ ਅਤੇ ਇਸ ਸੈਸ਼ਨ ‘ਚ ਪੰਜਵੀਂ ਜਿੱਤ ਹੈ ਅਤੇ ਹੁਣ ਟੀਮ ਦੇ ਖਾਤੇ ‘ਚ 10 ਅੰਕ ਹੋ ਗਏ ਹਨ। ਬੈਂਗਲੁਰੂ ਅਜੇ ਸੱਤਵੇਂ ਸਥਾਨ ‘ਤੇ ਹੈ ਪਰ ਜਿੱਤ ਤੋਂ ਬਾਅਦ ਉਸ ਦੀ ਨੈੱਟ ਰਨ ਰੇਟ ਪਲੱਸ ਹੋ ਗਈ ਹੈ। ਪੰਜਾਬ ਕਿੰਗਜ਼ ਨੂੰ 12 ਮੈਚਾਂ ਵਿੱਚ ਅੱਠਵੀਂ ਹਾਰ ਝੱਲਣੀ ਪਈ ਹੈ ਅਤੇ ਹੁਣ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ।
242 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਪਹਿਲੇ ਹੀ ਓਵਰ ਵਿੱਚ ਪ੍ਰਭਸਿਮਰਨ ਸਿੰਘ (6) ਦਾ ਵਿਕਟ ਗੁਆ ਬੈਠਾ। ਪਰ ਇਸ ਤੋਂ ਬਾਅਦ ਰਿਲੇ ਰੂਸੋ (61) ਨੇ ਜੌਨੀ ਬੇਅਰਸਟੋ (27) ਨਾਲ ਦੂਜੀ ਵਿਕਟ ਲਈ 65 ਦੌੜਾਂ ਅਤੇ ਫਿਰ ਸ਼ਸ਼ਾਂਕ ਸਿੰਘ (37) ਨਾਲ ਤੀਜੇ ਵਿਕਟ ਲਈ 36 ਦੌੜਾਂ ਜੋੜ ਕੇ ਪੰਜਾਬ ਕਿੰਗਜ਼ ਲਈ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖੀ। ਪਰ ਨੌਵੇਂ ਓਵਰ ਵਿੱਚ ਕਰਨ ਸ਼ਰਮਾ ਨੇ ਰੂਸੋ ਨੂੰ ਆਊਟ ਕਰਕੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ। ਰੂਸੋ ਨੇ 27 ਗੇਂਦਾਂ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ।
ਰੂਸੋ ਦੇ ਆਊਟ ਹੋਣ ਤੋਂ ਬਾਅਦ ਜਿਤੇਸ਼ ਸ਼ਰਮਾ (5) ਅਤੇ ਲਿਆਮ ਲਿਵਿੰਗਸਟੋਨ (0) ਵੀ ਜਲਦੀ ਹੀ ਪੈਵੇਲੀਅਨ ਪਰਤ ਗਏ। ਪਰ ਸ਼ਸ਼ਾਂਕ ਨੇ ਕਪਤਾਨ ਸੈਮ ਕੁਰਾਨ (22) ਦੇ ਨਾਲ ਛੇਵੇਂ ਵਿਕਟ ਲਈ 25 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੈਚ ‘ਚ ਬਰਕਰਾਰ ਰੱਖਿਆ। ਹਾਲਾਂਕਿ, ਫਿਰ ਕਰਨ ਦੇ ਗਲਤ ਕਾਲ ਕਾਰਨ ਸ਼ਸ਼ਾਂਕ ਰਨ ਆਊਟ ਹੋ ਗਿਆ। ਵਿਰਾਟ ਕੋਹਲੀ ਦੇ ਸ਼ਾਨਦਾਰ ਸਿੱਧੇ ਥਰੋਅ ਨੇ ਸ਼ਸ਼ਾਂਕ ਦਾ ਕੰਮ ਖਤਮ ਕਰ ਦਿੱਤਾ। ਉਸ ਨੇ 19 ਗੇਂਦਾਂ ਵਿੱਚ ਚਾਰ ਚੌਕੇ ਤੇ ਦੋ ਛੱਕੇ ਲਾਏ। ਸ਼ਸ਼ਾਂਕ ਦੇ ਆਊਟ ਹੋਣ ਤੋਂ ਬਾਅਦ ਪੰਜਾਬ ਕਿੰਗਜ਼ ਟੀਚੇ ਤੋਂ ਘੱਟ ਗਈ ਅਤੇ 17 ਓਵਰਾਂ ‘ਚ 181 ਦੌੜਾਂ ‘ਤੇ ਆਊਟ ਹੋ ਗਈ।
ਰਾਇਲ ਚੈਲੰਜਰਜ਼ ਬੰਗਲੌਰ ਲਈ ਮੁਹੰਮਦ ਸਿਰਾਜ ਨੇ ਤਿੰਨ ਅਤੇ ਸਵਪਨਿਲ ਸਿੰਘ, ਕਰਨ ਸ਼ਰਮਾ ਅਤੇ ਲਾਕੀ ਫਰਗੂਸਨ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਆਰਸੀਬੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ 43 ਦੌੜਾਂ ਦੇ ਅੰਦਰ ਹੀ ਕਪਤਾਨ ਫਾਫ ਡੁਪਲੇਸਿਸ (9) ਅਤੇ ਵਿਲ ਜੈਕਸ (12) ਦੀਆਂ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਕੋਹਲੀ ਨੇ ਪਾਟੀਦਾਰ ਨਾਲ ਤੀਜੇ ਵਿਕਟ ਲਈ 32 ਗੇਂਦਾਂ ‘ਚ 76 ਦੌੜਾਂ ਬਣਾਈਆਂ ਅਤੇ ਫਿਰ ਕੈਮਰੂਨ ਗ੍ਰੀਨ (46) ਨਾਲ ਚੌਥੀ ਵਿਕਟ ਲਈ 92 ਦੌੜਾਂ ਜੋੜ ਕੇ ਬੈਂਗਲੁਰੂ ਨੂੰ 200 ਤੋਂ ਪਾਰ ਪਹੁੰਚਾਇਆ। ਕੋਹਲੀ ਸਿਰਫ਼ ਅੱਠ ਦੌੜਾਂ ਨਾਲ ਆਪਣਾ ਸੈਂਕੜਾ ਬਣਾਉਣ ਤੋਂ ਖੁੰਝ ਗਏ। 18ਵੇਂ ਓਵਰ ਦੀ ਚੌਥੀ ਗੇਂਦ ‘ਤੇ ਅਰਸ਼ਦੀਪ ਸਿੰਘ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਕਿੰਗ ਕੋਹਲੀ ਨੇ 47 ਗੇਂਦਾਂ ਵਿੱਚ ਸੱਤ ਚੌਕੇ ਅਤੇ ਛੇ ਛੱਕੇ ਜੜੇ।
ਵਿਰਾਟ ਦੇ ਆਊਟ ਹੋਣ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਵੀ ਸੱਤ ਗੇਂਦਾਂ ਵਿੱਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ। ਪਾਰੀ ਦੇ 19ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਰਾਹੁਲ ਚਾਹਰ ਨੇ 21 ਦੌੜਾਂ ਦਿੱਤੀਆਂ, ਜਦੋਂ ਕਿ 20ਵੇਂ ਓਵਰ ਵਿੱਚ ਬੈਂਗਲੁਰੂ ਦੀ ਟੀਮ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੀ ਅਤੇ ਤਿੰਨ ਵਿਕਟਾਂ ਵੀ ਗੁਆ ਦਿੱਤੀਆਂ। ਇਸ ਕਾਰਨ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 241/7 ਦੇ ਸਕੋਰ ਤੱਕ ਪਹੁੰਚ ਸਕੀ।
ਪੰਜਾਬ ਕਿੰਗਜ਼ ਦੀ ਤਰਫੋਂ ਹਰਸ਼ਲ ਪਟੇਲ ਨੇ ਪਿਛਲੇ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਤਿੰਨ ਵਿਕਟਾਂ ਲਈਆਂ ਅਤੇ ਸਿਰਫ ਤਿੰਨ ਦੌੜਾਂ ਦਿੱਤੀਆਂ। ਉਸ ਨੇ ਚਾਰ ਓਵਰਾਂ ਵਿੱਚ 38 ਦੌੜਾਂ ਦਿੱਤੀਆਂ। ਉਨ੍ਹਾਂ ਤੋਂ ਇਲਾਵਾ ਆਪਣਾ ਡੈਬਿਊ ਮੈਚ ਖੇਡਣ ਆਏ ਵਿਦਵਤ ਕਵੇਰੱਪਾ ਨੇ ਦੋ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਅਤੇ ਕਪਤਾਨ ਸੈਮ ਕੁਰਾਨ ਨੇ ਇਕ-ਇਕ ਵਿਕਟ ਲਈ।