ਸਵਾਲਾਂ ਦੇ ਘੇਰੇ ‘ਚ ਭਕਨਾ ਐਨਕਾਊਂਟਰ, ਜਾਂਚ ਹੋਈ ਸ਼ੁਰੂ

ਅੰਮ੍ਰਿਤਸਰ- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਛੇ ਕਿਲੋਮੀਟਰ ਪਹਿਲਾਂ ਪਿੰਡ ਭਕਨਾ ਖੁਰਦ ਵਿਚ ਹੋਏ ਮੁਕਾਬਲੇ ਦੇ ਮਾਮਲੇ ’ਚ ਸ਼ੁੱਕਰਵਾਰ ਸ਼ਾਮ ਨੂੰ ਮੈਜਿਸਟ੍ਰੇਟ ਜਾਂਚ ਸ਼ੁਰੂ ਕੀਤੀ ਗਈ। ਐੱਸਡੀਐੱਮ ਅਮਨਪ੍ਰੀਤ ਸਿੰਘ ਦੀ ਅਗਵਾਈ ’ਚ ਪੁਲਿਸ ਅਧਿਕਾਰੀਆਂ ਨੇ ਸੀਨ ਰੀਕ੍ਰਿਏਟ ਕੀਤਾ। ਕਰੀਬ ਦੋ ਘੰਟੇ ਤਕ ਮੈਜਿਸਟਰੇਟ ਨੇ ਮੌਕਾ-ਏ-ਵਾਰਦਾਤ ਦਾ ਮੁਆਇਨਾ ਕੀਤਾ। ਦੋ ਪੁਲਿਸ ਮੁਲਾਜ਼ਮ ਪਿਸਤੌਲਾਂ ਤੇ ਏਕੇ-47 ਦੇ ਨਾਲ ਦੋ ਲੋਕੇਸ਼ਨਾਂ ’ਤੇ ਤਾਇਨਾਤ ਸਨ ਅਤੇ ਫਿਰ ਬਾਹਰ ਪੁਜੀਸ਼ਨ ਲਏ ਕਮਾਂਡੋਜ਼ ’ਤੇ ਗੋਲ਼ੀਬਾਰੀ ਦਾ ਦ੍ਰਿਸ਼ ਦਰਸਾਇਆ ਗਿਆ ਸੀ। ਹਾਲਾਂਕਿ ਦੋਵਾਂ ਪਾਸਿਆਂ ਤੋਂ ਕੋਈ ਗੋਲ਼ੀ ਨਹੀਂ ਚਲਾਈ ਗਈ। ਦੋ ਘੰਟੇ ਤਕ ਕਰਾਈਮ ਸੀਨ ਦੇਖਣ ਤੋਂ ਬਾਅਦ ਐੱਸਡੀਐੱਮ ਨੇ ਪੁਲਿਸ ਅਧਿਕਾਰੀਆਂ ਨੂੰ ਕਈ ਸਵਾਲ ਪੁੱਛੇ। ਇਸ ਤੋਂ ਬਾਅਦ ਹਵੇਲੀ ਦੇ ਆਲੇ-ਦੁਆਲੇ ਦੇ ਦੋ ਘਰਾਂ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ।

ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ’ਤੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੀ ਬਣਾਈ ਗਈ ਹੈ। ਟੀਮ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਇਸ ’ਚ ਐੱਸਪੀ (ਐੱਚ) ਪ੍ਰਿਥੀਪਾਲ ਸਿੰਘ, ਡੀਐੱਸਪੀ ਸੰਜੀਵ ਕੁਮਾਰ ਤੇ ਘਰਿੰਡਾ ਥਾਣੇ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਆਈਟੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਆਪਣੀ ਰਿਪੋਰਟ ਡੀਜੀਪੀ ਨੂੰ ਸੌਂਪੇਗੀ।

ਫੋਰੈਂਸਿਕ ਟੀਮ ਨੇ ਤੀਜੇ ਦਿਨ ਹਵੇਲੀ ਅੰਦਰ ਜਾਂਚ ਸ਼ੁਰੂ ਕੀਤੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਹਵੇਲੀ ਦੇ ਅੰਦਰ ਹੀ ਮਾਰੇ ਗਏ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਤੋਂ ਇਲਾਵਾ ਕੌਣ-ਕੌਣ ਮੌਜੂਦ ਸਨ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਪਿੰਡ ਭਕਨਾ ਖੁਰਦ ਵਿਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ। ਘਟਨਾ ਵਾਲੇ ਦਿਨ ਹਵੇਲੀ ਦੇ ਆਸਪਾਸ ਘੁੰਮ ਰਹੇ ਕੋਰੋਲਾ ਕਾਰ ਤੇ ਥਾਰ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।