ਡੈਸਕ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਵੀਰਵਾਰ ਨੂੰ ਪਹਿਲਾਂ ਜਲੰਧਰ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਤੋਂ ਈਡੀ ਦੀ ਟੀਮ ਤੋਂ ਪੁੱਛਗਿੱਛ ਕੀਤੀ ਗਈ । ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਿਸੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਜਿਸ ਕਾਰਨ ਉਹ ਵੀਰਵਾਰ ED ਦੇ ਸਾਹਮਣੇ ਪੇਸ਼ ਹੋਣ ਲਈ ਜਲੰਧਰ ਆਏ ਹਨ। ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੋਈ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਭਾਰਤ ਭੂਸ਼ਣ ਆਸ਼ੂ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਮੰਤਰੀ ਸਨ। ਉਦੋਂ ਉਸ ‘ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਟਰਾਂਸਪੋਰਟੇਸ਼ਨ ਟੈਂਡਰ ‘ਚ ਘੁਟਾਲਾ ਕੀਤਾ ਹੈ। ਪਿਛਲੇ ਸਾਲ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਰਿਹਾਇਸ਼ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਹਵਾਲਾ ਦੇ ਕੇ ਜਲੰਧਰ ਈਡੀ ਦਫ਼ਤਰ ਬੁਲਾਇਆ ਗਿਆ ਹੈ।
ਇਸ ਮਾਮਲੇ ਦੀ ਪੰਜਾਬ ਪੁਲਿਸ ਦੀ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਇਸੇ ਕੇਸ ਦੇ ਆਧਾਰ ‘ਤੇ ਕੇਂਦਰੀ ਜਾਂਚ ਏਜੰਸੀ ED ਨੇ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਇਸ ਮਾਮਲੇ ਦੀ ਜਾਂਚ ਦੌਰਾਨ ਕਈ ਮੁਲਜ਼ਮਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਬਹੁਤ ਅਹਿਮ ਸਬੂਤ ਇਕੱਠੇ ਕੀਤੇ ਗਏ। ਇਸ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੁੱਛਗਿੱਛ ਲਈ ਬੁਲਾਇਆ ਗਿਆ। ਹੁਣ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।