Site icon TV Punjab | Punjabi News Channel

ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ ਬੀਬੀ ਜਗੀਰ ਕੌਰ, 24 ਸਾਲ ਪੁਰਾਣੇ ਮਾਮਲੇ ‘ਤੇ ਦਿੱਤਾ ਸਪੱਸ਼ਟੀਕਰਨ

ਡੈਸਕ- ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣਾ ਸਪੱਸ਼ਟੀਕਰਨ ਦੇਣ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਕਿ ਇਸ ਤਰ੍ਹਾ ਦੇ ਮੁੱਦੇ ਅਜਿਹੇ ਮਹਾਨ ਤਖ਼ਤ ਵਿੱਚ ਸੁਲਝਾਏ ਜਾ ਰਹੇ ਹਨ। ਬੀਬੀ ਜਗੀਰ ਕੌਰ ਤੋਂ 24 ਸਾਲ ਪਹਿਲਾਂ ਉਨ੍ਹਾਂ ਦੀ ਗਰਭਵਤੀ ਧੀ ਹਰਪ੍ਰੀਤ ਕੌਰ ਦੀ ਹੱਤਿਆ ਤੇ ਆਪਣੇ ਕੇਸ਼ਾਂ ਦੀ ਬੇਅਦਬੀ ਦੇ ਆਰੋਪਾਂ ਦਾ ਸਪੱਸ਼ਟੀਕਰਨ ਮੰਗਿਆ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਇੱਕ ਮਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਕੋਈ ਹੋਰ ਸਹਾਰਾ ਲੱਭਣ ਦੀ ਬਜਾਏ ਉਨ੍ਹਾਂ ਦੀ ਤਾਕਤ ਦਾ ਸਰੋਤ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।

ਸਪੱਸ਼ਟੀਕਰਨ ਦੇਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਨੂੰ ਦੁੱਖ ਹੈ ਕਿ ਅਜਿਹੇ ਮਹਾਨ ਤਖ਼ਤ ਅੱਗੇ ਹੁਣ ਇਸ ਤਰ੍ਹਾਂ ਦੇ ਮੁੱਦੇ ਆਉਣ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਖਿਲਾਫ ਮੇਰੀ ਧੀ ਦੀ ਹੱਤਿਆ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ। ਮੇਰੀ ਖਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਂ ਪਿਛਲੇ 40 ਸਾਲਾਂ ਤੋਂ ਪੰਥ ਦੀ ਸੇਵਾ ਕਰ ਰਹੀ ਹਾਂ। ਮੈ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈ ਹੈ ਅਤੇ ਗੁਰੂ ਦੀ ਮਦਦ ਨਾਲ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਐਸਜੀਪੀਸੀ ਦੀ ਪਹਿਲੀ ਪ੍ਰਧਾਨ ਸੀ, ਜਿਸ ਤੋਂ ਨਰਾਜ਼ ਕੁੱਝ ਲੋਕਾਂ ਨੇ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਤੇ ਝੂਠਾ ਮੁਕੱਦਮਾ ਕੀਤਾ। ਜਦਕਿ ਇਨਸਾਫ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਬਰੀ ਕਰਕੇ ਦਿੱਤਾ ਸੀ।

Exit mobile version