Ottawa- ਪੱਛਮੀ ਗੋਲਾਰਧ ’ਚ ਵਧੇਰੇ ਆਰਥਿਕ ਏਕੀਕਰਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਯਤਨਾਂ ਤਹਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ’ਚ ਹੋਣ ਦੀ ਉਮੀਦ ਹੈ।
ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ‘ਦ ਕੈਨੇਡੀਅਨ ਪ੍ਰੈੱਸ’ ਨੂੰ ਦੱਸਿਆ ਕਿ ਕੈਨੇਡਾ ਇਸ ਕੋਸ਼ਿਸ਼ ’ਚ ਇੱਕ ਅਨਮੋਲ ਭਾਈਵਾਲ ਹੈ। ਬਾਇਡਨ ਨੇ ਅਮਕੀਰਨਜ਼ ਪਾਰਟਨਰਸ਼ਿਪ ਫਾਰ ਇਕੋਨਮਿਕ ਪ੍ਰੋਸਪੈਰਿਟੀ, ਜਿਹੜਾ ਕਿ ਵਪਾਰਕ ਢਾਂਚਾ ਹੈ, ਨੂੰ ਰੂਪ ਦੇਣ ’ਚ ਮਦਦ ਲਈ ਸ਼ੁੱਕਰਵਾਰ ਦੀ ਮੀਟਿੰਗ ਦਾ ਐਲਾਨ ਕੀਤਾ ਹੈ।
ਕੋਹੇਨ ਨੇ ਕਿਹਾ ਕਿ ਟਰੂਡੋ ਇਨ੍ਹਾਂ ਮੀਟਿੰਗਾਂ ਦਾ ਹਿੱਸਾ ਹੋਣਗੇ, ਹਾਲਾਂਕਿ ਪ੍ਰਧਾਨ ਮੰਤਰੀ ਦਫਤਰ ਨੇ ਉਨ੍ਹਾਂ ਦੇ ਪ੍ਰੋਗਰਾਮ ਦੀ ਪੁਸ਼ਟੀ ਨਹੀਂ ਕੀਤੀ ਹੈ। ਕੋਹੇਨ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਸ ਕਾਨਫਰੰਸ ’ਚ ਆਉਣ ਦਾ ਪਹਿਲਾ ਸੱਦਾ ਪ੍ਰਧਾਨ ਮੰਤਰੀ ਟਰੂਡੋ ਨੂੰ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਆਖਿਆ ਕਿ ਰਾਸ਼ਟਰਪਤੀ ਬਾਇਡਨ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਟਰੂਡੋ ਮੀਟਿੰਗ ’ਚ ਹੋਣ।
ਇਸ ਪ੍ਰਾਜੈਕਟ ਦਾ ਉਦੇਸ਼ ਹੋਰ ਨੌਕਰੀਆਂ ਪੈਦਾ ਕਰਨਾ, ਲੋਕਤੰਤਰ ’ਚ ਵਿਸ਼ਵਾਸ ਨੂੰ ਬਹਾਲ ਕਰਨਾ ਅਤੇ ਦਰਜਨਾਂ ਦੇਸ਼ਾਂ ਵਲੋਂ ਖੇਤਰ ਦੀ ਆਰਥਿਕ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨਾ ਹੈ। ਹਾਲਾਂਕਿ ਇਹ ਵਪਾਰਕ ਸੌਦਾ ਨਹੀਂ ਹੈ।
ਇਹ ਜੰਗਲਾਂ ਦੀ ਸੰਭਾਲ ਅਤੇ ਭ੍ਰਿਸ਼ਟਾਚਾਰ ਵਿਰੋਧੀ ਉਪਾਵਾਂ ਤੋਂ ਲੈ ਕੇ ਜਲਵਾਯੂ ਅਨੁਕੂਲ ਬੁਨਿਆਦੀ ਢਾਂਚੇ ਲਈ ਨਿੱਜੀ ਨਿਵੇਸ਼ ਦੀ ਵਰਤੋਂ ਕਰਨ ਤੱਕ ਹਰ ਚੀਜ਼ ’ਤੇ ਚਿਲੀ ਅਤੇ ਡੋਮਿਨਿਕਨ ਰੀਪਬਲਿਕ ਤੋਂ ਲੈ ਕੇ ਬਾਰਬਾਡੋਸ ਤੱਕ ਦਰਜਨ ਦੇਸ਼ਾਂ ਦੇ ਸਹਿਯੋਗ ਦੀ ਮੰਗ ਕਰ ਰਿਹਾ ਹੈ।
ਬਾਇਡਨ ਨੇ ਜੂਨ 2022 ’ਚ ਲਾਸ ਏਂਜਲਸ ਵਿਖੇ ਅਮਰੀਕਾ ਦੇ ਸਿਖਰ ਸੰਮੇਲਨ ’ਚ ਪ੍ਰੋਗਰਾਮ ਦਾ ਐਲਾਨ ਕੀਤਾ ਸੀ।
ਕੋਹੇਨ ਨੇ ਕਿਹਾ ਕਿ ਪੂਰਾ ਡਿਜ਼ਾਈਨ ਉੱਤਰੀ ਅਮਰੀਕੀ ਦੇਸ਼ਾਂ ਨੂੰ ਇਕੱਠੇ ਲਿਆਉਣਾ ਹੈ, ਖੁਸ਼ਹਾਲੀ ਅਤੇ ਆਰਥਿਕ ਵਿਕਾਸ ਲਈ ਉਹਨਾਂ ਦੇ ਸਾਂਝੇ ਮੌਕਿਆਂ ’ਤੇ ਧਿਆਨ ਕੇਂਦਰਤ ਕਰਨਾ ਹੈ।