ਨਵੀਂ ਦਿੱਲੀ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲ਼ਾਫ ਬੋਲਣ ਵਾਲੇ ਇਕ ਹੋਰ ਨੇਤਾ ਦੇ ਘਰ ਪੰਜਾਬ ਪੁਲਿਸ ਪਹੁੰਚ ਗਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।ਦਿੱਲੀ ਗਈ ਪੰਜਾਬ ਪੁਲਿਸ ਨੇ ਭਾਜਪਾ ਆਗੂ ਤਜਿੰਦਰ ਬੱਗਾ ਦੇ ਘਰ ਦਬਿਸ਼ ਦੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਮੁਹਾਲੀ ਥਾਣੇ ਚ ‘ਆਪ’ ਆਗੂ ਸੰਨੀ ਆਹਲੁਵਾਲੀਆ ਵਲੋਂ ਦਿੱਤੀ ਸ਼ਿਕਾਇਤ ‘ਤੇ ਭਾਜਪਾ ਆਗੂ ਖਿਲਾਫ ਪਰਚਾ ਦਿੱਤਾ ਗਿਆ ਸੀ ।ਬੀਤੇ ਮਹੀਨੇ ਦਿੱਲੀ ਸਥਿਤ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਭਾਜਪਾ ਆਗੂਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੀ ਅਗੁਵਾਈ ਇਸੇ ਭਾਜਪਾ ਨੇਤਾ ਬੱਗਾ ਵਲੋਂ ਕੀਤੀ ਗਈ ਸੀ ।
ਇਸ ਗ੍ਰਿਫਤਾਰੀ ਦੀ ਸੂਚਨਾ ਦਿੱਲੀ ਤੋਂ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਟਵੀਟ ਕਰਕੇ ਦਿੱਤੀ ਹੈ । ਕਪਿਲ ਵੀ ਕਿਸੇ ਸਮੇਂ ਪਹਿਲਾਂ ‘ਆਪ’ ਦੇ ਸਿਪਾਹੀ ਹੋਇਆ ਕਰਦੇ ਸਨ ।ਮਿਸ਼ਰਾ ਮੁਤਾਬਿਕ ਸ਼ੁਕਰਵਾਰ ਸਵੇਰੇ ਪੰਜਾਬ ਪੁਲਿਸ ਦੇ ਕਰੀਬ 50 ਜਵਾਨ ਬੱਗਾ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ।ਪਰ ਇਸ ਬਾਬਤ ਅਜੇ ਤੱਕ ਦਿੱਲੀ ਅਤੇ ਪੰਜਾਬ ਪੁਲਿਸ ਵਲੋਂ ਕੋਈ ਪੂਸ਼ਟੀ ਨਹੀਂ ਕੀਤੀ ਗਈ ਹੈ ।
ਬੱਗਾ ਖਿਲਾਫ ਸ਼ਿਕਾਇਤ ਕਰਨ ਵਾਲੇ ‘ਆਪ’ ਆਗੂ ਸੰਨੀ ਆਹਲੁਵਾਲੀਆ ਨੇ ਬੱਗਾ ਦੀ ਗ੍ਰਿਫਤਾਰੀ ‘ਤੇ ਖੂਸ਼ੀ ਦਾ ਪ੍ਰਕਟਾਵਾ ਕੀਤਾ ਹੈ । ਪਰ ਨਾਲ ਹੀ ਉਨ੍ਹਾਂ ਇਸ ਗ੍ਰਿਫਤਾਰੀ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਦੀ ਗੱਲ ਵੀ ਕੀਤੀ ਹੈ । ਸੰਨੀ ਦਾ ਕਹਿਣਾ ਹੈ ਕਿ ਤਜਿੰਦਰ ਬੱਗਾ ਲਗਾਤਾਰ ਕੇਜਰੀਵਾਲ ਖਿਲਾਫ ਗਲਤ ਪ੍ਰਚਾਰ ਕਰਦੇ ਰਹੇ ਹਨ । ਜਿਸ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਸੀ ।ਇਸਤੋਂ ਬਾਅਦ ਹੀ ਉਨ੍ਹਾਂ ਆਪਣੇ ਸ਼ਹਿਰ ਮੁਹਾਲੀ ਚ ਬੱਗਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ।
ਦਿੱਲੀ ਭਾਜਪਾ ਦੇ ਆਗੂਆਂ ਨੇ ਇਸ ਨੂੰ ਕੇਜਰੀਵਾਲ ਦੀ ਤਾਨਾਸ਼ਾਹੀ ਦੱਸਿਆ ਹੈ ।ਨਵੀਨ ਕੁਮਾਰ ਅਤੇ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਹੱਥ ਹੁਣ ਪੰਜਾਬ ਦੀ ਪੁਲਿਸ ਆ ਗਈ ਹੈ । ਜਿਸਤੋਂ ਬਾਅਦ ਉਹ ਲਗਾਤਾਰ ਇਸਦੀ ਸਿਆਸੀ ਬਦਲਾਖੌਰੀ ਲਈ ਵਰਤੋ ਕਰ ਰਹੇ ਹਨ ।