Site icon TV Punjab | Punjabi News Channel

ਸ਼੍ਰੀ ਹਰਿਮੰਦਰ ਸਾਹਿਬ ਕੋਲ ਬੰਬ ਦੀ ਅਫਵਾਹ ਨੇ ਪੁਲਿਸ ਦੇ ਉੜਾਏ ਹੋਸ਼

ਡੈਸਕ- ਅੰਮ੍ਰਿਤਸਰ ਕੰਟਰੋਲ ਰੂਮ ਵਿਚ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਚਾਰ ਬੰਬ ਲਗਾਏ ਜਾਣ ਦੀ ਅਫਵਾਹ ਨਾਲ ਹੜਕੰਪ ਮਚ ਗਿਆ। ਪੂਰੇ ਪੰਜਾਬ ਵਿਚ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ। ਸੂਚਨਾ ਦੇ ਤੁਰੰਤ ਬਾਅਦ 10 ਬੰਬ ਰੋਕੂ ਦਸਤੇ ਸ੍ਰੀ ਹਰਿਮੰਦਰ ਸਾਹਿਬ ਕੋਲ ਚੈਕਿੰਗ ਕਰਨ ਪਹੁੰਚੇ।

ਪੁਲਿਸ ਫੋਰਸ ਨੇ ਸਵੇਰੇ 4 ਵਜੇ ਤੱਕ ਹਰ ਕੋਨਾ ਜਾਂਚਿਆ ਪਰ ਬੰਬ ਨਹੀਂ ਮਿਲੇ। ਪੁਲਿਸ ਦੀ ਸਾਈਬਰ ਟੀਮ ਪੁਲਿਸ ਕੰਟਰੋਲ ਰੂਮ ਵਿਚ ਸੂਚਨਾ ਦੇਣ ਵਾਲੇ ਦੇ ਮੋਬਾਈਲ ਨੰਬਰ ਨੂੰ ਟ੍ਰੇਸ ਕਰ ਰਹੀ ਹੈ। ਪੁਲਿਸ ਨੇ ਸਵੇਰੇ 5 ਵਜੇ ਨਿਹੰਗ ਸਣੇ ਕੁਝ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਹੈ। ਮੁਲਜ਼ਮਾਂ ਨੇ ਸ਼ਰਾਰਤ ਕਰਦੇ ਹੋਏ ਕੰਟਰੋਲ ਰੂਮ ਵਿਚ ਇਹ ਸੂਚਨਾ ਦਿੱਤੀ। ਹਾਲਾਂਕਿ ਪੁਲਿਸ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਪੁਲਿਸ ਕੰਟਰੋਲ ਰੂਮ ‘ਤੇ ਰਾਤ ਲਗਭਗ ਡੇਢ ਵਜੇ ਇਕ ਮੋਬਾਈਲ ਨੰਬਰ ਤੋਂ ਕਿਸੇ ਨੇ ਸੂਚਨਾ ਦਿੱਤੀ ਕਿ ਸ੍ਰੀ ਹਰਿਮੰਦਰ ਸਾਹਿਬ ਕੋਲ 4 ਬੰਬ ਲੁਕਾ ਕੇ ਰੱਖੇ ਗਏ ਹਨ। ਪੁਲਿਸ ਵਿਚ ਜੇਕਰ ਹਿੰਮਤ ਹੈ ਤਾਂ ਉਹ ਧਮਾਕਿਆਂ ਨੂੰ ਰੋਕ ਲਵੇ। ਇਸ ਦੇ ਬਾਅਦ ਫੋਨ ਕੱਟ ਦਿੱਤਾ ਗਿਆ। ਕੰਟਰੋਲ ਰੂਮ ਦੀ ਟੀਮ ਨੇ ਮੋਬਾਈਲ ‘ਤੇ ਕਈ ਵਾਰ ਫੋਨ ਕੀਤਾ ਪਰ ਉਸ ਨੇ ਚੁੱਕਿਆ ਨਹੀਂ। ਇਸ ਦੇ ਤੁਰੰਤ ਬਾਅਦ ਕੰਟਰੋਲ ਰੂਮ ਇੰਚਾਰਜ ਨੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਇਹ ਜਾਣਕਾਰੀ ਦਿੱਤੀ। ਕੁਝ ਹੀ ਦੇਰ ਵਿਚ ਪੁਲਿਸ ਲਾਈਨ ਨੇ 10 ਬੰਬ ਰੋਕੂ ਦਸਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ।

ਸਵੇਰੇ 5 ਵਜੇ ਪਤਾ ਲੱਗਾ ਕਿ ਕਾਲ ਕਰਨ ਦਾ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਕੋਲ ਸਥਿਤ ਬਾਂਸਾ ਵਾਲਾ ਬਾਜ਼ਾਰ ਦਾ ਰਹਿਣ ਵਾਲਾ ਹੈ ਤੇ ਉਸ ਨੇ ਚੋਰੀ ਦੇ ਮੋਬਾਈਲ ਤੋਂ ਪੁਲਿਸ ਕੰਟਰੋਲ ਰੂਮ ਵਿਚ ਇਹ ਜਾਣਕਾਰੀ ਦਿੱਤੀ। ਇਸ ਦੇ ਬਾਅਦ ਪੁਲਿਸ ਨੇ ਸਵੇਰੇ 5 ਵਜੇ ਮੁਲਜ਼ਮ ਦੇ ਘਰ ਤੋਂ ਉਸ ਨੂੰ ਕਾਬੂ ਕਰ ਲਿਆ। ਕਾਲ ਕਰਨ ਵਾਲਾ 20 ਸਾਲ ਦਾ ਨਿਹੰਗ ਹੈ। ਆਸ ਪਾਸ ਦੇ ਚਾਰ ਬੱਚੇ ਵੀ ਉਸ ਨਾਲ ਸ਼ਾਮਲ ਹਨ। ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਫੜੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।

Exit mobile version