ਸਾਬਕਾ ਅਕਾਲੀ ਦਲ ਵਿਧਾਇਕ ਬੋਨੀ ਅਜਨਾਲਾ ਅਤੇ ਮਨਮੋਹਨ ਸਿੰਘ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ- ਕਿਸਾਨ ਅੰਦੋਲਨ ਤੋਂ ਬਾਅਦ ਜ਼ਬਰਦਸਤ ਹਰਕਤ ਚ ਆਈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਿਆਸਤ ‘ਚ ਆਪਣਾ ਪੈਰ ਪਸਾਰ ਰਹੀ ਹੈ । ਕਾਂਗਰਸ ਚ ਸੰਨ੍ਹ ਮਾਰੀ ਦੇ ਨਾਲ ਨਾਲ ਪੁਰਾਣੀ ਭਾਈਵਾਲ ਸ਼੍ਰੌਮਣੀ ਅਕਾਲੀ ਦਲ ਨੂੰ ਬਖਸ਼ਿਆ ਨਹੀਂ ਜਾ ਰਿਹਾ ਹੈ ।ਬੁੱਧਵਾਰ ਨੂੰ ਅਕਾਲੀ ਦਲ ਦੇ ਹੋਰ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਹਨ । ਨਵੀਂ ਦਿੱਲੀ ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਅਤੇ ਸਠਿਆਲਾ ਦੇ ਬੇਟੇ ਡਾਕਟਰ ਸਰਬਜੀਤ ਸਿੰਘ ਦਾ ਪਾਰਟੀ ਚ ਸਵਾਗਤ ਕੀਤਾ ।ਇਕਬਾਲ ਸਿੰਘ ਲਾਲਪੁਰਾ ਵਲੋਂ ਇਹ ਸਾਰਿਆਂ ਦੀ ਐਂਟਰੀ ਪਾਰਟੀ ਚ ਕਰਵਾਈ ਗਈ ਹੈ ।

ਤੁਹਾਨੂੰ ਦੱਸ ਦਈਏ ਕਿ ਅਮਰਪਾਲ ਸਿੰਘ ਬੋਨੀ ਅਜਨਾਲਾ ਸਿਆਸੀ ਪਰਿਵਾਰ ਤੋਂ ਹਨ। ਉਨ੍ਹਾਂ ਦੇ ਪਿਤਾ ਸਰਦਾਰ ਰਤਨ ਸਿੰਘ ਅਜਨਾਲਾ ਪੰਜਾਬ ਦੀ ਸਿਆਸਤ ਦੇ ਉੱਘੇ ਨੇਤਾ ਰਹੇ ਹਨ ।ਅਜਨਾਲਾ 2007 ਅਤੇ 2012 ਚ ਵਿਧਾਇਕ ਬਣੇ । ਇਸ ਦੌਰਾਨ ਉਨ੍ਹਾਂ ਬਤੌਰ ਚੀਫ ਪਾਰਲੀਮਾਨੀ ਸਕੱਤਰ ਵੀ ਸੂਬੇ ਦੀ ਸੇਵਾ ਕੀਤੀ ।ਸਰਦਾਰ ਮਨਮੋਹਨ ਸਿੰਘ ਸਠਿਆਲਾ 1997 ਚ ਅਕਾਲੀ ਦਲ ਵਿਧਾਇਕ ਬਣੇ । ਇਸ ਤੋਂ ਇਲਾਵਾ ਉਹ ਵੱਖ ਵੱਖ ਬੋਰਡਾਂ ਦੇ ਚੇਅਰਮੈਨ ਵੀ ਬਣੇ ।ਦੋਹਾਂ ਨੇ ਭਾਜਪਾ ਚ ਸ਼ਾਮਲ ਹੋਣ ਉਪਰੰਤ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਦੀ ਗੱਲ ਕੀਤੀ ਹੈ ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਨੇ ਕਿਹਾ ਕਿ ਵੱਡੀ ਗਿਣਤੀ ਚ ਪੰਜਾਬ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਾਂ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਪਰਿਵਾਰ ਦਾ ਹਿੱਸਾ ਬਣ ਰਹੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਚ ਭਾਜਪਾ ਆਪਣੇ ਦਮ ‘ਤੇ ਪੰਜਾਬ ਚ ਆਪਣੀ ਸਰਕਾਰ ਬਣਾਵੇਗੀ ।