ਉੱਚੀ ਚੱਟਾਨ ਤੋਂ 100 ਫੁੱਟ ਹੇਠਾਂ ਡਿੱਗਾ 13 ਸਾਲਾ ਲੜਕਾ, ਇੰਝ ਦਿੱਤੀ ਮੌਤ ਨੂੰ ਮਾਤ

Washington- ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਇਹ ਕਹਾਵਤ ਇੱਕ ਅਮਰੀਕੀ ਲੜਕੇ ’ਤੇ ਬਿਲਕੁਲ ਠੀਕ ਬੈਠ ਰਹੀ ਹੈ। ਅਸਲ ’ਚ ਇੱਥੋਂ ਦੇ ਅਰੀਜ਼ੋਨਾ ਸੂਬੇ ’ਚ ਸਥਿਤ ਗ੍ਰੈਂਡ ਕੈਨਿਯਨ ਘਾਟੀ ਤੋਂ ਲਗਭਗ 100 ਫੁੱਟ ਹੇਠਾਂ ਡਿੱਗਣ ਮਗਰੋਂ ਵੀ ਇੱਕ 13 ਸਾਲਾ ਲੜਕਾ ਸੁਰੱਖਿਅਤ ਬਚ ਗਿਆ। ਜਾਣਕਾਰੀ ਮੁਤਬਾਕ ਵਿਅਟ ਕੌਫਮੈਨ ਨਾਮੀ ਇਹ ਲੜਕਾ ਅਰੀਜ਼ੋਨਾ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਨਾਰਥ ਰਿਮ ’ਚ ਗ੍ਰੈਂਡ ਕੈਨਿਯਨ ਤੋਂ ਲਗਭਗ 100 ਫੁੱਟ ਹੇਠਾਂ ਡਿੱਗ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਕੈਨਿਯਨ ਨੈਸ਼ਨਲ ਪਾਰਕ ਦੇ ਬਚਾਅ ਦਲ ਨੇ ਦੋ ਘੰਟਿਆਂ ਦੀ ਸਖ਼ਤ ਮਸ਼ੱਕਤ ਮਗਰੋਂ ਲੜਕੇ ਨੂੰ ਸੁਰੱਖਿਅਤ ਬਚਾਇਆ। ਹਾਲਾਂਕਿ ਹੇਠਾਂ ਡਿੱਗਣ ਕਾਰਨ ਉਸ ਨੂੰ ਕਈ ਥਾਂਈਂ ਫਰੈਕਚਰ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਸੰਬੰਧੀ ਇੱਕ ਸਥਾਨਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਕੌਫਮੈਨ ਨੇ ਦੱਸਿਆ ਕਿ ਉਹ ਕਿਨਾਰੇ ’ਤੇ ਖੜ੍ਹਾ ਸੀ ਅਤੇ ਰਸਤੇ ਤੋਂ ਹੱਟ ਰਿਹਾ ਸੀ ਤਾਂ ਕਿ ਹੋਰ ਲੋਕ ਤਸਵੀਰਾਂ ਖਿੱਚ ਸਕਣ। ਉਸ ਨੇ ਦੱਸਿਆ ਕਿ ਉਹ ਹੇਠਾਂ ਬੈਠ ਗਿਆ ਅਤੇ ਇਸ ਦੌਰਾਨ ਉਸ ਨੇ ਇੱਕ ਚੱਟਾਨ ਨੂੰ ਫੜ ਰੱਖਿਆ ਸੀ। ਇਸੇ ਦੌਰਾਨ ਉਸ ਨੇ ਆਪਣੀ ਪਕੜ ਗੁਆ ਦਿੱਤੀ ਅਤੇ ਉਹ ਹੇਠਾਂ ਡਿੱਗ ਪਿਆ। ਉਸ ਨੇ ਕਿਹਾ, ‘‘ਡਿੱਗਣ ਮਗਰੋਂ ਮੈਨੂੰ ਕੁਝ ਵੀ ਯਾਦ ਨਹੀਂ ਹੈ।’’