ਲਖਨਊ : ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਕਾਂਗਰਸ ਦੇ ਕਿਤਾਬਚੇ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਬਸਪਾ ਕਿਸੇ ਉਮੀਦਵਾਰ ਤੋਂ ਟਿਕਟ ਦੇ ਬਦਲੇ ਫ਼ੰਡ ਨਹੀਂ ਲੈਂਦੀ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਬਸਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ।
ਬਸਪਾ ਕਿਸੇ ਤੋਂ ਪੈਸੇ ਲੈ ਕੇ ਟਿਕਟ ਨਹੀਂ ਦਿੰਦੀ। ਕਾਂਗਰਸ ਨੂੰ ਆਪਣਾ ਘਰ ਵੇਖਣਾ ਚਾਹੀਦਾ ਹੈ। ਮਾਇਆਵਤੀ ਨੇ ਕਿਹਾ ਕਿ ਬਸਪਾ ਦੇਸ਼ ਦੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਕਾਂਗਰਸ ਅਤੇ ਹੋਰ ਪਾਰਟੀਆਂ ਦੀ ਤਰ੍ਹਾਂ ਆਪਣੇ ਸੰਗਠਨ ਨੂੰ ਚਲਾਉਣ ਅਤੇ ਚੋਣਾਂ ਲੜਨ ਲਈ ਵੱਡੇ ਸਰਮਾਏਦਾਰਾਂ ਅਤੇ ਸ਼ਾਹੂਕਾਰਾਂ ਤੋਂ ਵਿੱਤੀ ਸਹਾਇਤਾ ਨਹੀਂ ਲੈਂਦੀ ਅਤੇ ਨਾ ਹੀ ਬਦਲੇ ਵਿਚ ਉਨ੍ਹਾਂ ਨੂੰ ਰਾਜ ਸਭਾ ਆਦਿ ਵਿਚ ਭੇਜਦੀ ਹੈ।
ਕਾਂਗਰਸ ਦਿਹਾੜੀਦਾਰ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਸਿਆਸੀ ਰੈਲੀਆਂ ਵਿਚ ਲਿਆਉਣ ਲਈ ਅਦਾਇਗੀ ਕਰਦੀ ਹੈ, ਜੋ ਕਿ ਦੇਸ਼ ਵਿਚ ਕਾਂਗਰਸ ਦੇ ਵੋਟਰ ਅਧਾਰ ਦੀ ਸਥਿਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨੂੰ ਯੂਪੀ ਵਰਗੇ ਰਾਜਾਂ ਵਿਚ ਚੋਣਾਂ ਲੜਨ ਲਈ ਉਮੀਦਵਾਰ ਵੀ ਨਹੀਂ ਮਿਲ ਰਹੇ, ਇਸ ਲਈ ਉਹ ਲੋਕਾਂ ਨੂੰ ਚੋਣਾਂ ਲੜਨ ਲਈ ਪੈਸੇ ਦਿੰਦੇ ਹਨ।
ਟੀਵੀ ਪੰਜਾਬ ਬਿਊਰੋ