ਬਟਾਲਾ- ਬਟਾਲਾ ਪੁਲਿਸ ਨੇ ਪੰਜ ਘੰਟੇ ਚੱਲੇ ਓਪਰੇਸ਼ਨ ਤੋਂ ਬਾਅਦ ਖਤਰਨਾਕ ਗੈਂਗਸਟਰ ਰਣਜੋਤ ਸਿੰਘ ਊਰਫ ਬਬਲੂ ਨੂੰ ਗ੍ਰਿਫਤਾਰ ਕੀਤਾ ਹੈ ।ਕਰੀਬ ਚਾਰ ਘੰਟੇ ਤੱਕ ਦੋਹਾਂ ਪਾਸਿਓ ਹੋਈ ਗੋਲਬਾਰੀ ‘ਚ ਰਣਜੋਤ ਜ਼ਖਮੀ ਹੋਇਆ ਹੈ ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੈਂਗਸਟਰ ਬਬਲੂ ਦੇ ਨਾਲ ਉਸਦੇ ਦੋ ਹੋਰ ਸਾਥੀ ਵੀ ਕਾਬੂ ਕੀਤੇ ਗਏ ਹਨ,ਪਰ ਪੁਲਿਸ ਵਲੋਂ ਅਜੇ ਤੱਕ ਇਸ ਬਾਬਤ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।
ਐੱਸ.ਐੱਸ.ਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਜਾਰੀ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ । ਗੈਂਗਸਟਰ ਬਬਲੂ ਬਟਾਲਾ ਦੇ ਪਿੰਡ ਕੋਟਲਾ ਬੋਝਾ ਸਿੰਘ ਚ ਹੋਣ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ।ਪੁਲਿਸ ਦੇ ਪਿੰਡ ਪੁੱਜਣ ‘ਤੇ ਬਬਲੂ ਜੋਕਿ ਮੋਟਰਸਾਇਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ, ਨੇ ਪੁਲਿਸ ਨੂੰ ਵੇਖਦਿਆਂ ਹੀ ਗੋਲੀ ਚਲਾ ਦਿੱਤੀ ।ਰਣਜੋਤ ਊਰਫ ਬਬਲੂ ਵਲੋਂ ਪੁਲਿਸ ‘ਤੇ ਕਰੀਬ 30 ਰਾਊਂਡ ਫਾਇਰ ਕੀਤੇ ਗਏ । ਪੁਲਿਸ ਵਲੋਂ ਜਵਾਬੀ ਹਮਲਾ ਕੀਤਾ ਗਿਆ ।ਪੁਲਿਸ ਵਲੋਂ ਪਾਏ ਗਏ ਘੇਰੇ ਦੌਰਾਨ ਬਬਲੂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ।ਇਸ ਤੋਂ ਬਾਅਦ ਪੁਲਿਸ ਵਲੋਂ ਜ਼ਖਮੀ ਗੈਂਗਸਟਰ ਨੂੰ ਸਰੰਡਰ ਕਰਨ ਲਈ ਕਿਹਾ ਗਿਆ । ਕਰੀਬ ਇਕ ਘੰਟੇ ਦੀ ਗੱਲਬਾਤ ਦੌਰਾਨ ਜ਼ਖਮੀ ਗੈਂਗਸਟਰ ਬਬਲੂ ਸਰੰਡਰ ਕਰਨ ਲਈ ਰਾਜ਼ੀ ਹੋਇਆ ।
ਪੁਲਿਸ ਮੁਤਾਬਿਕ ਬਬਲੂ ‘ਤੇ ਬਟਾਲਾ ਖੇਤਰ ਚ ਅੱਠ ਤੋਂ ਵੱਧ ਪਰਚੇ ਦਰਜ ਹਨ ।