ਡੈਸਕ – ਕਾਬੁਲ ਚ ਗੁਰਗੁਆਰਾ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਹੁਣ ਇਕ ਵਾਰ ਵਿਦੇਸ਼ਾਂ ਤੋਂ ਅਜੀਹੀ ਹੀ ਮੰਦਭਾਗੀ ਖਬਰ ਆਈ ਹੈ । ਅਮਰੀਕਾ ‘ਚ ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਊਂਟੀ ‘ਚ ਐਤਵਾਰ ਦੇਰ ਰਾਤ ਗੁਰਦੁਆਰਾ ਸਾਹਿਬ ‘ਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਇੱਥੇ ਤਿੰਨ ਲੋਕਾਂ ਵਿਚਾਲੇ ਗੋਲੀਬਾਰੀ ਹੋਈ ਸੀ, ਜਿਸ ‘ਚ ਦੋ ਲੋਕਾਂ ਨੂੰ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਇਸ ਨੂੰ ਨਫ਼ਰਤੀ ਅਪਰਾਧ ਦਾ ਮਾਮਲਾ ਨਹੀਂ ਮੰਨਿਆ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਰੀ ਅਨੁਸਾਰ ਐਤਵਾਰ ਨੂੰ ਗੁਰਦੁਆਰੇ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ। ਇੱਥੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਪ੍ਰੋਗਰਾਮ ਹੋਣੇ ਸੀ। ਇਸ ਦੌਰਾਨ ਇੱਥੇ ਜਾਣਕਾਰਾਂ ਵਿਚਕਾਰ ਗੋਲੀਬਾਰੀ ਹੋਈ। ਇਸ ਘਟਨਾ ਵਿਚ 2 ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।
ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਬੁਲਾਰੇ ਨੇ ਕਿਹਾ ਕਿ ਗੋਲੀਬਾਰੀ ਤਿੰਨ ਜਾਣਕਾਰਾਂ ਵਿਚਕਾਰ ਹੋਈ। ਬੁਲਾਰੇ ਅਮਰ ਗਾਂਧੀ ਨੇ ਕਿਹਾ ਕਿ ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਸੀ ਕਿਉਂਕਿ ਗੋਲੀਬਾਰੀ ਵਿੱਚ ਸ਼ਾਮਲ ਤਿੰਨ ਲੋਕ ਇੱਕ ਦੂਜੇ ਨੂੰ ਜਾਣਦੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਸ਼ੱਕੀ ਨੇ ਆਪਣੀ ਬੰਦੂਕ ਰਾਹੀਂ ਲੜਾਈ ਵਿੱਚ ਸ਼ਾਮਲ ਦੂਜੇ ਵਿਅਕਤੀ ਦੇ ਇੱਕ ਦੋਸਤ ਨੂੰ ਗੋਲੀ ਮਾਰ ਦਿੱਤੀ।
ਅਮਰ ਗਾਂਧੀ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਗੋਲੀ ਨਹੀਂ ਲੱਗੀ ਸੀ, ਉਸ ਨੇ ਬੰਦੂਕ ਕੱਢ ਕੇ ਪਹਿਲੇ ਸ਼ੂਟਰ ‘ਤੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਇਸ ਦੇ ਨਾਲ ਹੀ ਫ਼ਰਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।