ਸੈਕਰਾਮੈਂਟੋ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿਚ ਪਿਛਲੇ ਮਹੀਨੇ ਵਾਪਰੀ ਗੋਲੀ ਕਾਂਡ ਦੇ ਸਬੰਧ ਵਿਚ ਪੁਲਿਸ ਨੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਗੋਲੀਬਾਰੀ ਦੀ ਉਸ ਘਟਨਾ ਨੂੰ ਲੈ ਕੇ 20 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਘਟਨਾ ਸਬੰਧੀ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਵਿੱਚ ਏਕੇ-47, ਮਸ਼ੀਨ ਗਨ ਅਤੇ ਕਈ ਹੈਂਡਗਨ ਬਰਾਮਦ ਕੀਤੇ ਹਨ।
ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਪੁਲਿਸ ਨੇ ਗੁਰਦੁਆਰਾ ਗੋਲੀ ਕਾਂਡ ‘ਚ ਇਨ੍ਹਾਂ ਨੂੰ ਫੜਨ ਲਈ ਵੱਡੀ ਕਾਰਵਾਈ ਕੀਤੀ ਹੈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ, ਯੂਬਾ ਸਿਟੀ ਦੇ ਪੁਲਿਸ ਮੁਖੀ ਬ੍ਰਾਇਨ ਬੇਕਰ, ਸੂਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੀ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ 20 ਵਿਅਕਤੀਆਂ ਵਿੱਚੋਂ ਦੋ ਮਾਫੀਆ ਨਾਲ ਸਬੰਧ ਰੱਖਣ ਵਾਲੇ ਅਪਰਾਧੀ ਹਨ ਅਤੇ ਕਤਲ ਦੇ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦੇ ਹਨ।
ਇੰਨਾ ਹੀ ਨਹੀਂ ਫੜੇ ਗਏ ਲੋਕ ਦੋ ਵਿਰੋਧੀ ਅਪਰਾਧੀ ਗਰੋਹਾਂ ਨਾਲ ਜੁੜੇ ਹੋਏ ਹਨ। ਉਹਨਾਂ ਨੂੰ ਕੈਲੀਫੋਰਨੀਆ ਵਿੱਚ ਸੂਟਰ, ਸੈਕਰਾਮੈਂਟੋ, ਸੈਨ ਵੋਲਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ਵਿੱਚ ਹਿੰਸਾ, ਗੋਲੀਬਾਰੀ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫੜੇ ਗਏ ਲੋਕ ਸਟਾਕਟਨ ਦੇ ਇੱਕ ਸਿੱਖ ਗੁਰਦੁਆਰੇ ਵਿੱਚ ਗੋਲੀਬਾਰੀ ਲਈ ਵੀ ਜ਼ਿੰਮੇਵਾਰ ਹਨ। ਇਹ ਘਟਨਾ ਪਿਛਲੇ ਸਾਲ 27 ਅਗਸਤ ਨੂੰ ਵਾਪਰੀ ਸੀ। ਹੁਣ ਇਨ੍ਹਾਂ ਦੀਆਂ ਤਾਰਾਂ ਇਸ ਸਾਲ 23 ਮਾਰਚ ਨੂੰ ਵਾਪਰੀ ਗੋਲੀ ਕਾਂਡ ਨਾਲ ਵੀ ਜੁੜ ਗਈਆਂ ਹਨ।