Site icon TV Punjab | Punjabi News Channel

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

ਜਲੰਧਰ : ਵਧੀਕ ਕਮਿਸ਼ਨਰ ਇਨਕਮ ਟੈਕਸ ਗਿਰੀਸ਼ ਬਾਲੀ ਅਤੇ ਇੰਸਪੈਕਟਰ ਜਨਰਲ ਪੁਲਿਸ ਜੀ.ਐਸ.ਢਿੱਲੋਂ ਨੇ ਅੱਜ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਅੱਜ ਇੱਥੇ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਵਰਤਣ ਲਈ ਖੇਡਾਂ ਸਹਾਇਕ ਦਾ ਕੰਮ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਊਰਜਾ ਹੁੰਦੀ ਹੈ, ਜਿਸ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਿਜਾਣ ਦੀ ਲੋੜ ਹੈ। ਬਾਲੀ ਅਤੇ ਢਿੱਲੋਂ ਨੇ ਸਪੱਸ਼ਟ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਸਰਬਓਤਮ ਮਾਧਿਅਮ ਹਨ।

ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਖੇਡਾਂ ਦੇ ਮੈਦਾਨ ਵਿਚ ਨੌਜਵਾਨ ਸਖ਼ਤ ਮਿਹਨਤ, ਲਗਨ, ਟੀਮ ਵਰਕ ਅਤੇ ਖੇਡ ਭਾਵਨਾ ਵਰਗੇ ਕਈ ਗੁਣ ਗ੍ਰਹਿਣ ਕਰਦੇ ਹਨ, ਜੋ ਕਿ ਇਕ ਚੰਗੇ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਛੋਟੀ ਉਮਰ ਵਿੱਚ ਹੀ ਇਹ ਗੁਣ ਵਿਕਸਿਤ ਕਰ ਲੈਣ ਤਾਂ ਉਹ ਦੇਸ਼ ਅਤੇ ਸਮਾਜ ਲਈ ਸਰਮਾਇਆ ਬਣ ਸਕਦੇ ਹਨ। ਬਾਲੀ ਅਤੇ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਜੀਵਨ ਵਿੱਚ ਉਤਮਤਾ ਨੂੰ ਹਾਸਲ ਕਰ ਸਕਣ।

ਇਸ ਨਿਵੇਕਲੀ ਪਹਿਲਕਦਮੀ ਲਈ ਪ੍ਰਬੰਧਕ ਕਮੇਟੀ ‘ਵਾਰੀਅਰ ਗਰੁੱਪਸ’ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਹੋਰਨਾਂ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।

ਉਨ੍ਹਾਂ ਇਸ ਨੇਕ ਕਾਰਜ ਲਈ ਐਨ.ਜੀ.ਓ. ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਐਨ.ਜੀ.ਓ.ਵਾਰੀਅਰਜ਼ ਗਰੁੱਪ ਦੇ ਪ੍ਰਧਾਨ ਵਰੁਣ ਕੋਹਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਉਨ੍ਹਾਂ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਲੀਗ ਆਧਾਰਿਤ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਇਸ ਸਾਲ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਕੋਹਲੀ ਨੇ ਇਸ ਮੌਕੇ ਏ.ਜੀ.ਆਈ. ਇਨਫਰਾ ਦੇ ਸੁਖਦੇਵ ਸਿੰਘ ਦਾ ਸਮਾਗਮ ਦੇ ਸੁਚਾਰੂ ਸੰਚਾਲਨ ਵਾਸਤੇ ਐਨ.ਜੀ.ਓ. ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ।

ਇਸ ਤੋਂ ਪਹਿਲਾਂ ਵਰੁਣ ਕੋਹਲੀ, ਰਜਿੰਦਰ ਰਾਜਾ, ਅੰਕੁਰ ਧੂਰੀਆ, ਨਿਤਿਨ ਪੁਰੀ, ਦਵਿੰਦਰ ਸੈਣੀ, ਅਨੁਦੀਪ ਬਜਾਜ,  ਵਿਕਾਸ ਸ਼ਰਮਾ ਆਦਿ ਦੀ ਅਗਵਾਈ ਵਿੱਚ ਵਾਰੀਅਰ ਗਰੁੱਪਜ਼ ਦੀ ਪ੍ਰਬੰਧਕ ਕਮੇਟੀ ਵੱਲੋਂ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ

Exit mobile version