ਫਲਸਤੀਨੀਆਂ ‘ਤੇ ਇਜ਼ਰਾਈਲ ਵੱਲੋਂ ਹਵਾਈ ਹਮਲਾ, 100 ਤੋਂ ਵੱਧ ਲੋਕਾਂ ਦੀ ਮੌਤ

ਡੈਸਕ- ਗਾਜ਼ਾ ਸ਼ਹਿਰ ਵਿਚ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਫਲਸਤੀਨੀਆਂ ਉੱਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿਚ ਵੀਰਵਾਰ ਨੂੰ ਘੱਟੋ-ਘੱਟ 104 ਲੋਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਲਗਭਗ 5 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ’ਚ ਮਰਨ ਵਾਲਿਆਂ ਦੀ ਗਿਣਤੀ 30,000 ਨੂੰ ਪਾਰ ਕਰ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

7 ਅਕਤੂਬਰ ਨੂੰ ਹਮਾਸ ਦੇ ਹਮਲੇ ਦੇ ਜਵਾਬ ਵਿਚ ਗਾਜ਼ਾ ਸਿਟੀ ਅਤੇ ਸਾਰੇ ਉੱਤਰੀ ਗਾਜ਼ਾ ਨੂੰ ਇਜ਼ਰਾਈਲੀ ਹਵਾਈ, ਸਮੁੰਦਰੀ ਅਤੇ ਜ਼ਮੀਨੀ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਇਹ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਅਤੇ ਕਈ ਮਹੀਨਿਆਂ ਤੋਂ ਇਸ ਖੇਤਰ ਤੋਂ ਕੱਟੇ ਹੋਏ ਹਨ, ਜਿਥੇ ਨਾ ਦੇ ਬਰਾਬਰ ਮਦਦ ਪਹੁੰਚ ਰਹੀ ਹੈ। ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਗਾਜ਼ਾ ਦੇ ਬਹੁਤੇ ਹਿੱਸਿਆਂ ਵਿਚ ਮਨੁੱਖੀ ਸਹਾਇਤਾ ਪਹੁੰਚਾਉਣਾ ਲਗਭਗ ਅਸੰਭਵ ਹੋ ਗਿਆ ਹੈ, ਜਿਸ ਦੇ ਪਿੱਛੇ ਇਕ ਵੱਡਾ ਕਾਰਨ ਦੁਖੀ ਲੋਕਾਂ ਦੀ ਭੀੜ ਹੈ ਜੋ ਸਹਾਇਤਾ ਕਾਫ਼ਲਿਆਂ ’ਤੇ ਹਾਵੀ ਹੋ ਜਾਂਦੀ ਹੈ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਦੇ 23 ਲੱਖ ਫਲਸਤੀਨੀਆਂ ਦਾ ਇਕ ਚੌਥਾਈ ਹਿੱਸਾ ਭੁੱਖਮਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੈ। ਸਿਹਤ ਮੰਤਰਾਲਾ ਦੇ ਬੁਲਾਰੇ ਅਸ਼ਰਫ਼ ਅਲ ਕਿਦਰਾ ਨੇ ਦੱਸਿਆ ਕਿ ਵੀਰਵਾਰ ਦੇ ਹਮਲੇ ’ਚ 280 ਲੋਕ ਜ਼ਖਮੀ ਹੋਏ ਹਨ। ਕਮਾਲ ਅਦਵਾਨ ’ਚ ਐਂਬੂਲੈਂਸ ਸੇਵਾ ਦੇ ਮੁਖੀ ਫਾਰੇਸ ਅਫਾਨਾ ਨੇ ਦੱਸਿਆ ਕਿ ਮੌਕੇ ’ਤੇ ਪਹੁੰਚਣ ਵਾਲੇ ਡਾਕਟਰਾਂ ਨੂੰ ਸੈਂਕੜੇ ਲੋਕ ਜ਼ਮੀਨ ’ਤੇ ਪਏ ਮਿਲੇ।

ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਲਿਆਉਣ ਲਈ ਲੋੜੀਂਦੀਆਂ ਐਂਬੂਲੈਂਸਾਂ ਨਹੀਂ ਸਨ, ਇਸ ਲਈ ਕੁਝ ਜ਼ਖ਼ਮੀਆਂ ਨੂੰ ਘੋੜਾ ਗੱਡੀਆਂ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਰਿਪੋਰਟਾਂ ਦਾ ਨੋਟਿਸ ਲੈ ਰਹੀ ਹੈ।