ਅੰਮ੍ਰਿਤਸਰ – ਪੰਜਾਬ ਦੇ ਕਰੀਬ ਦੋ ਲੱਖ ਲੋਕ ਹਰ ਸਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਉਡਾਣ ਭਰਦੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਕਾਫੀ ਖਜ਼ਲ ਖੁਆਰੀ ਹੁੰਦੀ ਹੈ। ਨਾਲ ਹੀ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਨੇ ਵੀ ਲੰਬੇ ਸਮੇਂ ਤੋਂ ਮੰਗ ਕੀਤੀ ਸੀ ਕਿ ਕੈਨੇਡਾ ਅਤੇ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਅੰਮ੍ਰਿਤਸਰ ਲਈ ਕਨੈਕਟ ਕੀਤੀਆਂ ਜਾਣ। ਸਿੱਧੀਆਂ ਉਡਾਣਾਂ ਦੀ ਮੰਗ ਕਰ ਰਹੇ ਲੋਕਾਂ ਦੀ ਇਸ ਮੰਗ ਨੂੰ ਹੁਣ ਬੂਰ ਪੈਣ ਲੱਗਾ ਹੈ। ਦੱਸ ਦਈਏ ਕਿ ਇਟਾਲੀਅਨ ਏਅਰਲਾਈਨਜ਼, ਨਿਓਸ ਏਅਰ, ਮਿਲਾਨ ਵਿਖੇ ਆਪਣੇ ਹੱਬ ਰਾਹੀਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਟੋਰਾਂਟੋ ਅਤੇ ਨਿਊਯਾਰਕ ਨੂੰ ਜੋੜਨ ਲਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਸਹੂਲਤ 6 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ।
ਇਸ ਤੋਂ ਪਹਿਲਾਂ ਕਤਰ ਏਅਰਵੇਜ਼ ਅਤੇ ਏਅਰ ਇੰਡੀਆ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਆਪਣੇ ਸੰਚਾਲਨ ਦਾ ਵਿਸਥਾਰ ਕੀਤਾ ਸੀ। ਨਿਓਸ ਏਅਰ ਦੇ ਸੇਲਜ਼ ਮੈਨੇਜਰ ਲੂਕਾ ਕੈਂਪਨਾਟੀ ਨੇ ਕਿਹਾ, “ਅੰਮ੍ਰਿਤਸਰ ਦਾ ਬ੍ਰਿਟੇਨ ਅਤੇ ਕੈਨੇਡਾ ਨਾਲ ਸੰਪਰਕ ਦਹਾਕਿਆਂ ਤੋਂ ਸਪੱਸ਼ਟ ਹੈ। ਇਸ ਲਈ, ਅਸੀਂ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਮਿਲਾਨ ਮਾਲਪੈਂਸਾ ਅਤੇ ਟੋਰਾਂਟੋ ਵਿਚਕਾਰ ਇੱਕ ਨਵੀਂ ਸੇਵਾ ਦੇ ਨਾਲ ਆਪਣੇ ਉੱਤਰੀ ਅਮਰੀਕਾ ਦੇ ਨੈੱਟਵਰਕ ਦਾ ਵਿਸਤਾਰ ਕਰ ਰਹੇ ਹਾਂ।”
ਏਅਰਲਾਈਨ 6 ਅਪ੍ਰੈਲ ਤੋਂ ਟੋਰਾਂਟੋ ਅਤੇ ਨਿਊਯਾਰਕ ਦੋਵਾਂ ਲਈ ਇੱਕ ਹਫਤਾਵਾਰੀ ਉਡਾਣ ਚਲਾਏਗੀ। ਏਅਰਲਾਈਨ ਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਦਾ ਸਫਰ ਪੂਰਾ ਕਰਨ ਲਈ 21 ਘੰਟੇ ਲੱਗਣਗੇ ਕਿਉਂਕਿ ਫਲਾਈਟ ਪਹਿਲਾਂ ਮਿਲਾਨ ਏਅਰਪੋਰਟ ‘ਤੇ ਰੁਕੇਗੀ ਅਤੇ ਚਾਰ ਘੰਟੇ ਦੇ ਲੇਓਵਰ ਤੋਂ ਬਾਅਦ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਪਹੁੰਚੇਗੀ।
ਨਿਓਸ ਏਅਰ ਨੇ ਦਸੰਬਰ 2022 ਵਿੱਚ ਮਿਲਾਨ ਮਾਲਪੈਂਸਾ ਅਤੇ ਅੰਮ੍ਰਿਤਸਰ ਵਿਚਕਾਰ ਉਡਾਣਾਂ ਸ਼ੁਰੂ ਕੀਤੀਆਂ ਸੀ। ਸ਼ੁਰੂ ਵਿੱਚ, ਏਅਰਲਾਈਨ ਨੇ ਮਹਾਂਮਾਰੀ ਦੌਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਮਿਲਾਨ ਰਾਹੀਂ ਅੰਮ੍ਰਿਤਸਰ-ਟੋਰਾਂਟੋ ਵਿਚਕਾਰ ਇਸ ਵਨ-ਸਟਾਪ ਸੀਮਲੈੱਸ ਕਨੈਕਟੀਵਿਟੀ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਜੋ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਊਯਾਰਕ ਨਾਲ ਵੀ ਜੋੜੇਗਾ।