Ottawa- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਲੋਂ ਵੀਰਵਾਰ ਨੂੰ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਉੱਤੇ ਤਾਇਨਾਤ ਆਪਣੇ ਅਧਿਕਾਰੀਆਂ ਲਈ ਆਰਮਡ ਐਂਡ ਡੇਂਜਰਸ ਅਲਰਟ ਜਾਰੀ ਕੀਤਾ ਗਿਆ। ਏਜੰਸੀ ਨੇ ਇਹ ਅਲਰਟ ਉਸ ਸ਼ੱਕੀ ਨੂੰ ਫੜਨ ਲਈ ਜਾਰੀ ਕੀਤਾ ਹੈ, ਜਿਹੜਾ ਅਮਰੀਕਾ ਦੇ ਦੱਖਣੀ ਮੇਨ ’ਚ 18 ਲੋਕਾਂ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੈ।
ਇਹ ਗੋਲੀਬਾਰੀ ਬੁੱਧਵਾਰ ਰਾਤ ਨਿਊ ਬਰੰਜ਼ਵਿਕ ਸਰਹੱਦ ਦੇ ਦੱਖਣ-ਪੱਛਮ ’ਚ 260 ਕਿਲੋਮੀਟਰ ਦੂਰ ਲੇਵਿਸਟਨ ’ਚ ਹੋਈ। ਪੁਲਿਸ ਬੁਲੇਟਨ ’ਚ ਸ਼ੱਕੀ ਦੀ ਪਹਿਚਾਣ 40 ਸਾਲਾਂ ਦੇ ਰੌਬਰਟ ਕਾਰਡ ਵਜੋਂ ਕੀਤੀ ਗਈ ਹੈ, ਜੋ ਕਿ ਹਥਿਆਰਾਂ ਦਾ ਇੰਸਟਰਕਟਰ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਯੂਐਸ ਆਰਮੀ ਰਿਜ਼ਰਵ ’ਚ ਸੀ ਤੇ ਉਸ ਨੂੰ ਸਾਕੋ, ਮੇਨ ਦੀ ਟਰੇਨਿੰਗ ਫੈਸਿਲਿਟੀ ’ਤੇ ਲਾਇਆ ਗਿਆ ਸੀ।
ਕਾਰਡ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ਤੇ ਦੱਖਣੀ ਮੇਨ ਵਾਸੀਆਂ ਨੂੰ ਆਪਣੇ ਘਰਾਂ ਨੂੰ ਤਾਲੇ ਲਾ ਕੇ ਅੰਦਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸੀਬੀਐਸਏ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਤੇ ਅਮਰੀਕੀ ਲਾਅ ਐਨਫੋਰਸਮੈਂਟ ਭਾਈਵਾਲਾਂ ਨਾਲ ਰਲ ਕੇ ਕੰਮ ਕਰ ਰਹੀ ਹੈ।
ਕੈਨੇਡੀਅਨ ਬਾਰਡਰ ਏਜੰਸੀ ਨੇ ਕਿਹਾ ਕਿ ਇਸ ਦਾ ਆਰਮਡ ਐਂਡ ਡੇਂਜਰਸ ਫਾਇਰਆਰਮ ਲੁੱਕਆਊਟ ਅਲਰਟ ਇੱਕ ਅੰਦਰੂਨੀ ਪ੍ਰਣਾਲੀ ਰਾਹੀਂ ਇਸਦੇ ਸਾਰੇ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ ਅਤੇ ਏਜੰਸੀ ਨੇ ਕਿਹਾ ਕਿ ਕੈਨੇਡਾ-ਯੂਐਸ ਸਰਹੱਦ ਦੇ ਨਾਲ ਸਾਰੇ ਪ੍ਰਵੇਸ਼ ਪੁਆਇੰਟ ਖੁੱਲੇ ਰਹਿਣਗੇ।