Vancouver – ਕਿਊਬੈੱਕ ਵੱਲੋਂ ਕੋਰੋਨਾ ਟੀਕੇ ਬਾਰੇ ਸਖਤੀ ਕਰਦਿਆਂ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਹੈਲਥ ਕੇਅਰ ਵਰਕਰ ਅਕਤੂਬਰ ਤੋਂ ਪਹਿਲਾ ਵੈਕਸੀਨ ਨਹੀਂ ਲਗਵਾਉਣਗੇ, ਉਨ੍ਹਾਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ। ਇਸੇ ਦੇ ਚਲਦਿਆਂ ਹੁਣ ਇਸ ਸੂਬੇ ਵੱਲੋਂ ਉਨ੍ਹਾਂ 17,000 ਤੋਂ ਵੱਧ ਹੈਲਥ ਵਰਕਰਜ਼ ਨੂੰ ਮੁਅੱਤਲ ਕੀਤਾ ਜਾਵੇਗਾ ਜਿਨ੍ਹਾਂ ਨੇ ਕੋਰੋਨਾ ਟੀਕਾ ਹਾਸਿਲ ਨਹੀਂ ਕੀਤਾ। ਜੀ ਹਾਂ, ਵੈਕਸੀਨੇਸ਼ਨ ਤੋਂ ਇਨਕਾਰ ਕਰਨ ਵਾਲੇ ਕਿਊਬੈੱਕ ਦੇ 17,000 ਤੋਂ ਵੱਧ ਹੈਲਥ ਵਰਕਰਜ਼ ਹੁਣ ਅਗਲੇ ਮਹੀਨੇ ਮੁਅੱਤਲ ਕੀਤੇ ਜਾਣਗੇ। ਪਰ ਇਸ ਕਦਮ ਨਾਲ ਨਾਲ ਸੂਬੇ ਵਿਚ ਸਟਾਫ਼ ਦੀ ਕਮੀ ਵੀ ਹੋ ਜਾਵੇਗੀ।
ਦੱਸਦਈਏ ਕਿ ਕਿਊਬੈੱਕ ਦੇ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਸਤੰਬਰ ਮਹੀਨੇ ਦੀ ਸ਼ੁਰੂਆਤ ਵਿਚ ਹੀ ਐਲਾਨ ਕਰ ਦਿੱਤਾ ਸੀ, ਕਿ ਜੋ ਹੈਲਥ ਕੇਅਰ ਵਰਕਰ 15 ਅਕਤੂਬਰ ਤੱਕ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਨਹੀਂ ਹੋਵੇਗਾ, ਉਸਨੂੰ ਬਿਨਾ ਤਨਖ਼ਾਹ ਦੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਵੇਗਾ। ਵੈਕਸੀਨ ਪਾਸਪੋਰਟ ਲਾਗੂ ਕਰਨ ਦੇ ਐਲਾਨ ਤੋਂ ਇੱਕ ਹਫ਼ਤੇ ਬਾਅਦ ਹੀ ਸੂਬੇ ਨੇ ਇਸ ਨੀਤੀ ਦਾ ਐਲਾਨ ਕੀਤਾ ਸੀ।
ਹੈਲਥ ਮਿਨਿਸਟਰ ਕ੍ਰਿਸਚਨ ਡੂਬ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਹੈਲਥ ਸਿਸਟਮ ਅਧੀਨ ਆਉਂਦੇ 17,642 ਵਰਕਰਾਂ ਨੇ ਅਜੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਵੀ ਪ੍ਰਾਪਤ ਨਹੀਂ ਕੀਤੀ ਹੈ। ਬੁਲਾਰੇ ਮੁਤਾਬਕ, ਇਹਨਾਂ ਵਰਕਰਾਂ ਵਿਚੋਂ ਤਕਰੀਬਨ ਅੱਧੇ ਵਰਕਰ ਫ਼੍ਰੰਟ ਲਾਇਨ ਵਰਕਰ ਹਨ ਜਿਹੜੇ ਮਰੀਜ਼ਾਂ ਦੇ ਸਿੱਧੇ ਸੰਪਰਕ ਵਿਚ ਆਉਂਦੇ ਹਨ। ਇਹ ਸਾਰੇ ਬਗ਼ੈਰ ਵੈਕਸੀਨ ਵਾਲੇ ਵਰਕਰ 15 ਅਕਤੂਬਰ ਤੋਂ ਮੁਅੱਤਲ ਕਰ ਦਿੱਤੇ ਜਾਣਗੇ। ਜਿਹੜੇ ਹਜ਼ਾਰਾਂ ਹੈਲਥ ਵਰਕਰਾਂ ਨੇ ਅਜੇ ਸਿਰਫ਼ ਪਹਿਲੀ ਡੋਜ਼ ਹੀ ਲਗਾਈ ਹੈ ਉਹ ਵੀ ਵੈਕਸੀਨ ਦੀ ਦੂਸਰੀ ਡੋਜ਼ ਲੈਣ ਤੱਕ ਨੌਕਰੀ ਤੋਂ ਮੁਅੱਤਲ ਹੀ ਰਹਿਣਗੇ।