ਅੱਜ ਸਿਆਸੀ ਲੀਡਰਾਂ ਦੀ ਹੋਵੇਗੀ ਅੰਗਰੇਜ਼ੀ ‘ਚ Debate

Vancouver – ਕੱਲ ਸਿਆਸੀ ਲੀਡਰਾਂ ਦੀ ਫ਼੍ਰੇਂਚ ਭਾਸ਼ਾ ‘ਚ ਹੋਈ ਡਿਬੇਟ ਤੋਂ ਬਾਅਦ ਅੱਜ ਅੰਗਰੇਜ਼ੀ ਭਾਸ਼ਾ ’ਚ ਡਿਬੇਟ ਹੋਵੇਗੀ। ਇਸ ਡਿਬੇਟ ’ਚ ਪੰਜ ਲੀਡਰ ਇਕ ਦੂਜੇ ਦੇ ਸਾਹਮਣੇ ਨਜ਼ਰ ਆਉਣਗੇ। ਇਹ ਡਿਬੇਟ ਸ਼ਾਮ 9 ਵਜੇ (ET) ਤੇ 6 ਵਜੇ (PT) ਪ੍ਰਸਾਰਿਤ ਹੋਵੇਗੀ। ਇਸ ਦੌਰਾਨ ਲਿਬਰਲ ਲੀਡਰ ਜਸਟਿਨ ਟਰੂਡੋ,ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ,ਐਨਡੀਪੀ ਲੀਡਰ ਜਗਮੀਤ ਸਿੰਘ,ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ,ਬਲੌਕ ਕਿਉਬੈਕਵਾ ਲੀਡਰ ਈਵ ਫ਼੍ਰੈਂਸੁਆ ਬਲੌਂਸ਼ੇ ਇਹ ਲੀਡਰ ਆਹਮੋ ਸਾਹਮਣੇ ਨਜ਼ਰ ਆਉਣਗੇ।
ਸਿਆਸੀ ਮਾਹਿਰ ਵੀ ਆਪਣੇ ਵਿਚਾਰ ਇਸ ਸੰਬੰਧੀ ਪ੍ਰਗਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 20 ਸਤੰਬਰ ਨੂੰ ਹੋਣ ਵਾਲੀਆਂ ਫ਼ੈਡਰਲ ਚੋਣਾਂ ਵਿਚ ਲੀਡਰਾਂ ਦੀ ਡਿਬੇਟ ਕਾਫ਼ੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਮੁਤਾਬਿਕ ਇਹ ਲੀਡਰਾਂ ਦੀ ਡਿਬੇਟ ਬਹੁਤ ਮਹੱਤਵਪੂਰਨ ਹੋਵੇਗੀ।
ਦੱਸ ਦਈਏ ਕਿ ਬੁੱਧਵਾਰ ਨੂੰ ਜੋ ਕੈਨੇਡਾ ਦੀਆਂ ਪੰਜ ਮੁੱਖ ਪਾਰਟੀਆਂ ਦੇ ਲੀਡਰਾਂ ਦੀ ਫ਼੍ਰੈਂਚ ਭਾਸ਼ਾ ਵਿਚ ਡਿਬੇਟ ਹੋਈ ਇਸ ਦੌਰਾਨ ਕਲਾਇਮੇਟ ਚੇਂਜ, ਕੋਵਿਡ ਵੈਕਸੀਨ ਅਤੇ ਹੈਲਥ ਕੇਅਰ ਫ਼ੰਡਿੰਗ ਦੇ ਮੁੱਦਿਆਂ ‘ਤੇ ਇੱਕ ਦੂਸਰੇ ਨਾਲ ਤਿੱਖੀ ਬਹਿਸ ਦੇਖਣ ਨੂੰ ਮਿਲੀ।
ਲਿਬਰਲ ਲੀਡਰ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੇ ਇੱਕ ਦੂਜੇ ਤੇ ਤਿੱਖੇ ਸ਼ਾਬਦਿਕ ਹਮਲੇ ਕੀਤੇ। ਸ਼ੁਰੁਆਤੀ ਸਮੇਂ ਵਿਚ ਡਿਬੇਟ ਮਹਾਮਾਰੀ ਨਾਲ ਨਜਿੱਠਣ ਵਿਚ ਕੈਨੇਡਾ ਦੀ ਕਾਰਗੁਜ਼ਾਰੀ, ਵੈਕਸੀਨੇਸ਼ਨ ਅਤੇ ਪਬਲਿਕ ਹੈਲਥ ਦੇ ਮੁੱਦਿਆਂ ਤੇ ਲੀਡਰਾਂ ਨੇ ਆਪਣੇ ਵਿਚਾਰ ਦੱਸੇ । ਟਰੂਡੋ ਨੇ ਕਿਹਾ ਕਿ ਵੈਕਸੀਨੇਸ਼ਨ ਵਿਚ ਵਾਧਾ ਕਰਨ ਲਈ ਬਗ਼ੈਰ ਵੈਕਸੀਨ ਵਾਲੇ ਲੋਕਾਂ ਨੂੰ ਯਾਤਰਾ ਕਰਨ, ਰੈਸਟੋਰੈਂਟਾਂ ਵਿਚ ਜਾਣ ਅਤੇ ਕੁਝ ਕੰਮਕਾਜ ਵਾਲੀਆਂ ਥਾਂਵਾਂ ਤੇ ਜਾਣ ਤੋਂ ਰੋਕਣਾ ਚੰਗੇ ਕਦਮ ਹਨ। ਪਰ ੳ’ਟੂਲ ਨੇ ਕਿਹਾ ਕਿ ਟ੍ਰੂਡੋ ਵੈਕਸੀਨ ਦਾ ਰਾਜਨੀਤੀਕਰਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਵੈਕਸੀਨੇਸ਼ਨ ਨੂੰ ਹੁਲਾਰਾ ਵੀ ਦਵੇਗੀ ਪਰ ਬਿਨਾ ਵੈਕਸੀਨ ਵਾਲੇ ਲੋਕਾਂ ਲਈ ਰੈਪਿਡ ਟੈਸਟ ਵਰਗੇ ਹੋਰ ਤਰੀਕਿਆਂ ਦਾ ਵੀ ਇਸਤੇਮਾਲ ਕਰੇਗੀ।
ਹੁਣ ਸਭ ਦੀਆਂ ਨਿਗਾਹਾਂ ਅੱਜ ਦੀ ਡਿਬੇਟ ‘ਤੇ ਹੋਣਗੀਆਂ।