Ottawa – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰਾਂ ਨੂੰ ਦਿੱਤੇ ਗਏ ਐਮਰਜੈਂਸੀ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਹੋਰ ਵਧੇਰੇ ਸਮਾਂ ਦੇਣ ਦਾ ਐਲਾਨ ਕੀਤਾ ਹੈ। ਕਾਰੋਬਾਰੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਮਗਰੋਂ ਲਿਬਰਲਾਂ ਨੇ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ (ਸੀ.ਈ.ਬੀ.ਏ.) ਦੇ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਇੱਕ ਹੋਰ ਸਾਲ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਹਿਲਾਂ ਇਹ ਹਾਲਾਤ ਸਨ ਕਿ ਭੁਗਤਾਨ ਦੀ ਸਮਾਂ ਸੀਮਾ ਆਖ਼ਰੀ ਸੀ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ।
ਕੈਨੇਡਾ ਭਰ ’ਚ ਲੱਖਾਂ ਛੋਟੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸੰਘੀ ਸਰਕਾਰ ਨੂੰ ਉਨ੍ਹਾਂ ਨੂੰ ਕੁਝ ਹੋਰ ਸਮਾਂ ਦੇਣ ਦੀ ਬੇਨਤੀ ਕਰ ਰਹੇ ਸਨ। ਕੋਵਿਡ-19 ਦੌਰਾਨ ਛੋਟੇ ਕਾਰੋਬਾਰਾਂ ਨੂੰ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਪ੍ਰੋਗਰਾਮ ਤਹਿਤ ਲੋਨ ਮੁਹੱਈਆ ਕਰਵਾਇਆ ਗਿਆ ਸੀ, ਜਿਸਦਾ ਉਦੇਸ਼ ਕਾਰੋਬਾਰਾਂ ਨੂੰ ਜ਼ਬਰਦਸਤੀ ਬੰਦ ਕਰਨ ਅਤੇ ਸਿਹਤ ਪਾਬੰਦੀਆਂ ਦੇ ਮੱਦੇਨਜ਼ਰ ਚੱਲਦਾ ਰੱਖਣਾ ਹੈ।
ਸ਼ੁਰੂਆਤੀ ਤੌਰ ’ਤੇ ਛੋਟੇ ਕਾਰੋਬਾਰਾਂ ਅਤੇ ਗੈਰ-ਮੁਨਾਫ਼ੇ ਵਾਲੀਆਂ ਸੰਸਥਾਵਾਂ ਨੂੰ 40,000 ਡਾਲਰ ਤੱਕ ਦੀ ਪੇਸ਼ਕਸ਼ ਸੀ, ਜਿਨ੍ਹਾਂ ਨੂੰ ਕੋਰੋਨਾ ਦੇ ਕਾਰਨ ਮਾਲੀਏ ਦਾ ਨੁਕਸਾਨ ਹੋਇਆ ਸੀ। ਲੋਨ ਪ੍ਰੋਗਰਾਮ ਤਹਿਤ ਕਰੀਬ 900,000 ਕਾਰੋਬਾਰਾਂ ਨੂੰ ਤਕਰੀਬਨ 49 ਬਿਲੀਅਨ ਡਾਲਰ ਦਿੱਤੇ ਗਏ ਸਨ। ਮਹਾਂਮਾਰੀ ਦੌਰਾਨ ਚਲਾਏ ਇਸ ਪ੍ਰੋਗਰਾਮ ਤਹਿਤ ਛੋਟੇ ਕਾਰੋਬਾਰਾਂ ਅਤੇ ਗ਼ੈਰ-ਮੁਨਾਫ਼ਾ ਸੰਗਠਨਾਂ ਨੂੰ 60,000 ਡਾਲਰ ਤੱਕ ਦਾ ਵਿਆਜ-ਮੁਕਤ ਲੋਨ ਮੁਹੱਈਆ ਕਰਵਾਇਆ ਗਿਆ ਸੀ।
ਜਨਵਰੀ 2022 ’ਚ ਓਮਿਕਰੋਨ ਵੇਰੀਐਂਟ ਦੇ ਵਾਧੇ ਅਤੇ ਨਵੀਆਂ ਪਾਬੰਦੀਆਂ ਦੇ ਮੱਦੇਨਜ਼ਰ, ਲਿਬਰਲਾਂ ਨੇ ਘੋਸ਼ਣਾ ਕੀਤੀ ਕਿ ਉਹ ਮੁੜ ਅਦਾਇਗੀ ਦੀ ਸਮਾਂ-ਸੀਮਾ ਨੂੰ ਇੱਕ ਸਾਲ ਤੱਕ ਵਧਾ 2023 ਦੇ ਅੰਤ ਤੱਕ ਕਰ ਦੇਣਗੇ। ਇਸਦਾ ਮਤਲਬ ਸੀ ਕਿ ਕਾਰੋਬਾਰੀਆਂ ਨੂੰ 31 ਦਸੰਬਰ, 2023 ਉਨ੍ਹਾਂ ਦੇ ਕਰਜ਼ੇ ਦਾ ਇੱਕ ਤਿਹਾਈ ਹਿੱਸਾ 20,000 ਡਾਲਰ ਤੱਕ ਚੁਕਾਉਣਾ ਪਏਗਾ ਅਤੇ ਕਰਜ਼ੇ ਦੀ ਮੁਆਫੀ ਲਈ ਯੋਗ ਹੋਣਾ ਪਏਗਾ।