ਡੈਸਕ- ਕੈਨੇਡਾ ‘ਚ ਰਹਿ ਰਹੇ ਮੋਸਟ ਵਾਂਟੇਡ ਪੰਜਾਬੀ ਗੈਂਗਸਟਰ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਕਤਲ ਹੋ ਗਿਆ ਹੈ । ਅਮਰਪ੍ਰੀਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਵਿੱਚ ਸੀ। ਰਾਤ ਨੂੰ ਡਿਨਰ ਅਤੇ ਡਾਂਸ ਤੋਂ ਬਾਅਦ ਜਿਵੇਂ ਹੀ ਅਮਰਪ੍ਰੀਤ ਫਰੇਜ਼ਰਵਿਊ ਹਾਲ ਤੋਂ ਬਾਹਰ ਆਇਆ ਤਾਂ ਕੁਝ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਵਾਪਰੀ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਨਾਲ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਹਮਲਾਵਰਾਂ ਨੇ ਸਬੂਤ ਨਸ਼ਟ ਕਰਨ ਲਈ ਉਸ ਵਾਹਨ ਨੂੰ ਵੀ ਅੱਗ ਲਗਾ ਦਿੱਤੀ ਜਿਸ ਵਿਚ ਉਹ ਸੀ। ਇਸ ਕਤਲ ਨੂੰ ਟਾਰਗੇਟ ਕਿਲਿੰਗ ਮੰਨਿਆ ਜਾ ਰਿਹਾ ਹੈ। ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਹਮਲਾਵਰ ਪਹਿਲਾਂ ਹੀ ਵਿਆਹ ਸਮਾਗਮ ਵਾਲੀ ਥਾਂ ’ਤੇ ਘੁੰਮ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੱਤੀ ਜਿਵੇਂ ਮਸ਼ੀਨ ਗਨ ਤੋਂ ਗੋਲੀਬਾਰੀ ਕੀਤੀ ਗਈ ਹੋਵੇ।
ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਅਧਿਕਾਰੀ ਤਾਨੀਆ ਵਿਸਟਿਨ ਨੇ ਦੱਸਿਆ ਕਿ ਪੁਲਿਸ ਹੈਲਪਲਾਈਨ ‘ਤੇ 1.30 ਵਜੇ ਕਾਲ ਆਈ ਸੀ। ਪੁਲਿਸ ਉਸੇ ਸਮੇਂ ਉਥੇ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਸੀਪੀਆਰ ਦੇ ਕੇ ਅਮਰਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਨੰਬਰ ਜਾਰੀ ਕਰਕੇ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਹੈ।
ਸੂਤਰਾਂ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਕਾਰਕੁਨਾਂ ਵੱਲੋਂ ਦਿੱਤਾ ਗਿਆ ਹੈ। ਅਮਰਪ੍ਰੀਤ ਸਿੰਘ ਸਮਰਾ ਉਰਫ ਚੱਕੀ ਸੰਯੁਕਤ ਰਾਸ਼ਟਰ (UN) ਦੀ ਟਾਪ-10 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸ ਦੇ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਵਿਚਕਾਰ ਕਾਰੋਬਾਰ ਨੂੰ ਲੈ ਕੇ ਦੁਸ਼ਮਣੀ ਸੀ।