ਅਜੀਬੋ-ਗਰੀਬ ਲੁੱਟ: ਵਿਆਹ ਦਾ ਕਾਰਡ ਦੇਣ ਦੇ ਬਹਾਨੇ ਘਰ ‘ਚ ਆਏ ਲੁਟੇਰੇ ਸੋਨੇ ਦੇ ਗਹਿਣੇ ਅਤੇ ਕੈਸ਼ ਲੁੱਟ ਕੇ ਹੋਏ ਤਿੱਤਰ

ਜਲੰਧਰ : ਜਲੰਧਰ ਵਿਚ ਦਿਨ-ਦਿਹਾੜੇ ਲੁੱਟ ਦੀ ਅਜੀਬੋ-ਗਰੀਬ ਵਾਰਦਾਤ ਵਾਪਰੀ। ਇੱਥੇ 3 ਲੁਟੇਰਿਆਂ ਨੇ ਵਾਟਰ ਸਪਲਾਈ ਮਹਿਕਮੇ ਦੇ ਕਰਮਚਾਰੀ ਦੇ ਘਰ ਵੜ ਕੇ ਪਿਸਤੌਲ ਦੀ ਨੋਕ ’ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਇਸ ਤੋਂ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਹ ਘਰ ਵਿਚੋਂ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਲੁੱਟ ਵਾਟਰ ਸਪਲਾਈ ਮਹਿਕਮੇ ਦੇ ਕਰਮਚਾਰੀ ਅਨਿਲ, ਵਾਸੀ ‘ਕੁੱਕੀ ਢਾਬ’ ਦੇ ਘਰ ਹੋਈ।

ਸੂਚਨਾ ਮਿਸਲਦੇ ਹੀ ਥਾਣਾ ਨੰਬਰ 7 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਲੁੱਟ ਦਾ ਸ਼ਿਕਾਰ ਹੋਏ ਅਨਿਲ ਨੇ ਦੱਸਿਆ ਕਿ ਉਸ ਦੀ ਮਾਂ ਘਰ ਵਿਚ ਪਹਿਲੇ ਕਮਰੇ ’ਚ ਬੈਠੀ ਸੀ ਅਤੇ ਮੇਨ ਗੇਟ ਖੁੱਲ੍ਹ ਹੋਇਆ ਸੀ। ਇਸੇ ਦੌਰਾਨ ਐਕਟਿਵਾ ਸਵਾਰ 3 ਨੌਜਵਾਨ ਘਰ ’ਚ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਉਹ ਅਵਤਾਰ ਨਗਰ ਤੋਂ ਵਿਆਹ ਦਾ ਕਾਰਡ ਅਤੇ ਡੱਬਾ ਦੇਣ ਆਏ ਹਨ। ਜਿਵੇਂ ਹੀ ਅਨਿਲ ਦੀ ਮਾਂ ਨੇ ਉਸ ਨੂੰ ਆਵਾਜ਼ ਮਾਰੀ ਤਾਂ ਅਨਿਲ ਵੀ ਪਹਿਲੇ ਵਾਲੇ ਕਮਰੇ ’ਚ ਆ ਗਿਆ।

ਅਨਿਲ ਨੂੰ ਵੇਖਦੇ ਹੀ ਲੁਟੇਰਿਆਂ ਨੇ ਦਾਤਰ ਅਤੇ ਪਿਸਤੌਲ ਕੱਢ ਲਏ ਅਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਹ ਘਰ ’ਚੋਂ ਸੋਨੇ ਦੀਆਂ 2 ਚੂੜੀਆਂ, ਨੱਕ ਦਾ ਕੋਕਾ ਅਤੇ ਕੁਝ ਕੈਸ਼ ਲੁੱਟ ਕੇ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਘਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਦੇ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।

ਟੀਵੀ ਪੰਜਾਬ ਬਿਊਰੋ