ਭਾਰਤ-ਕੈਨੇਡਾ ਵਿਚਾਲੇ ਤਣਾਅ ਨੂੰ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਦੱਸਿਆ ਦਰਦਨਾਕ

New Delhi- ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਚੱਲ ਰਹੀ ਕੁੜੱਤਣ ਦਰਮਿਆਨ ਆਸਟ੍ਰੇਲੀਆ ਨੇ ਕਿਹਾ ਹੈ ਕਿ ਇਹ ਵਿਵਾਦ ਆਸਟ੍ਰੇਲੀਆ ਲਈ ਦਰਦਨਾਕ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਵਲੋਂ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਭਾਰਤ ਸਿਰ ਮੜ੍ਹੇ ਜਾਣ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਤਣਾਅਪੂਰਨ ਸਮੇਂ ’ਚੋਂ ਲੰਘ ਰਹੇ ਹਨ।
ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗਰੀਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਆਸਟ੍ਰੇਲੀਆ ਨੂੰ ਉਮੀਦ ਅਤੇ ਭਰੋਸਾ ਹੈ ਕਿ ਦੋਵੇਂ ਦੇਸ਼ ਦੁਵੱਲੇ ਰਿਸ਼ਤਿਆਂ ’ਚ ਕੁਝ ਨਵੇਂ ਆਧਾਰ ਲੱਭ ਸਕਦੇ ਹਨ। ਇਸ ਤੋਂ ਪਹਿਲਾਂ ਜਦੋਂ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ ਤਾਂ ਆਸਟ੍ਰੇਲੀਆ ਨੇ ਡੂੰਘੀ ਚਿੰਤਾ ਪ੍ਰਗਟਾਈ ਸੀ।
ਫਿਲਿਪ ਨੇ ਅੱਗੇ ਕਿਹਾ, ‘‘ਭਾਰਤ ਅਤੇ ਕੈਨੇਡਾ ਦੋਹਾਂ ਦੇਸ਼ਾਂ ਨਾਲ ਆਸਟ੍ਰੇਲੀਆ ਦੇ ਰਿਸ਼ਤੇ ਚੰਗੇ ਹਨ। ਦੋਹਾਂ ਦੇਸ਼ਾਂ ਵਿਚਾਲੇ ਦਰਾਰ ਆਸਟ੍ਰੇਲੀਆ ਲਈ ਦਰਦਨਾਕ ਹੈ। ਹਾਲਾਂਕਿ ਇਸ ਨਾਲ ਦੁਵੱਲੇ ਸੰਬੰਧਾਂ ’ਤੇ ਕੋਈ ਅਸਰ ਨਹੀਂ ਪਏਗਾ। ਇਸ ਮੁੱਦੇ ’ਤੇ ਭਾਰਤ ਅਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਵਿਚਾਲੇ ਡਿਪਲੋਮੈਟਿਕ ਤਰੀਕੇ ਨਾਲ ਗੱਲਬਾਤ ਜਾਰੀ ਰਹੇਗੀ।’’
ਉਨ੍ਹਾਂ ਅੱਗੇ ਕਿਹਾ, ‘‘ਕੈਨੇਡਾ ਆਸਟ੍ਰੇਲੀਆ ਦਾ ਪੁਰਾਣਾ ਦੋਸਤ ਹਾ ਅਤੇ ਭਾਰਤ ਵੀ ਆਸਟ੍ਰੇਲੀਆ ਦਾ ਚੰਗਾ ਦੋਸਤ ਹੈ। ਭਾਰਤ ਸਾਡੇ ਲਈ ਕਾਫ਼ੀ ਮਹੱਤਵਪੂਰਨ ਦੇਸ਼ ਹੈ। ਦੋ ਮਿੱਤਰ ਦੇਸ਼ਾਂ ਵਿਚਾਲੇ ਡਿਪਲੋਮੈਟਾਂ ਦੀ ਬਰਖ਼ਾਸਤਗੀ ਦਰਦਨਾਕ ਅਤੇ ਕਠਿਨ ਹੈ। ਸਾਨੂੰ ਉਮੀਦ ਅਤੇ ਭਰੋਸਾ ਹੈ ਕਿ ਦੁਵੱਲੇ ਸੰਬੰਧਾਂ ’ਚ ਕੁਝ ਨਵੇਂ ਆਧਾਰ ਬਣਾਏ ਜਾ ਸਕਦੇ ਹਨ ਅਤੇ ਦੋਵੇਂ ਦੇਸ਼ ਇਨ੍ਹਾਂ ਵਿਵਾਦਾਂ ਨੂੰ ਜਲਦੀ ਤੋਂ ਜਲਦੀ ਦੂਰ ਕਰ ਸਕਦੇ ਹਨ।