ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਗਸਤ ਮਹੀਨੇ ਵਿੱਚ ਵਧ ਕੇ 1.9% ਦਰਜ ਕੀਤੀ ਗਈ ਹੈ। ਇਹ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਅਗਲੇ ਵਿਆਜ ਦਰ ਫੈਸਲੇ ਤੋਂ ਪਹਿਲਾਂ ਆਖਰੀ ਵੱਡੇ ਆਰਥਿਕ ਅੰਕੜੇ ਹਨ। ਵਿਆਪਕ ਤੌਰ ‘ਤੇ ਵਾਧੇ ਦੀ ਹੀ ਉਮੀਦ ਕੀਤੀ ਜਾ ਰਹੀ ਸੀ। ਗੈਸ ਦੀਆਂ ਕੀਮਤਾਂ, ਜੋ ਜੁਲਾਈ ਵਿੱਚ 16% ਤੋਂ ਵੱਧ ਘਟ ਗਈਆਂ ਸਨ, ਅਗਸਤ ਵਿੱਚ ਵੀ ਘਟਦੀਆਂ ਰਹੀਆਂ ਪਰ ਇਸ ਵਾਰੀ ਘਟਣ ਦੀ ਰਫਤਾਰ ਹੌਲੀ ਸੀ। ਇਹੀ ਕਾਰਨ ਸੀ ਕਿ ਕੁੱਲ ਮਹਿੰਗਾਈ ਦਰ ‘ਚ ਥੋੜ੍ਹਾ ਵਾਧਾ ਹੋਇਆ। ਅਪ੍ਰੈਲ ਵਿੱਚ ਕਾਰਬਨ ਟੈਕਸ ਹਟਾਏ ਜਾਣ ਤੋਂ ਬਾਅਦ ਤੋਂ ਹੀ ਗੈਸ ਦੀ ਕੀਮਤ ਲਗਾਤਾਰ ਘਟ ਰਹੀ ਹੈ। ਜੇ ਗੈਸ ਦੀ ਕੀਮਤ ਨੂੰ ਕੁੱਲ ਮਹਿੰਗਾਈ ਦਰ ‘ਚੋਂ ਕੱਢ ਦਈਏ, ਤਾਂ ਮਹਿੰਗਾਈ ਵਿੱਚ ਅਸਲ ਵਿੱਚ ਕਮੀ ਆਈ ਹੈ। ਅਰਥਸ਼ਾਸਤਰੀਆਂ ਦੀ ਉਮੀਦ ਹੈ ਕਿ ਬੈਂਕ ਆਫ ਕੈਨੇਡਾ ਬੁਧਵਾਰ ਨੂੰ ਹੋਣ ਵਾਲੀ ਮੀਟਿੰਗ ‘ਚ ਵਿਆਜ ਦਰ 0.25 ਅੰਕ ਘਟਾ ਦਵੇਗਾ, ਜੋ ਕਿ ਮਾਰਚ ਤੋਂ ਬਾਅਦ ਪਹਿਲੀ ਵਾਰ ਦਰਾਂ ਵਿੱਚ ਕਟੌਤੀ ਹੋਵੇਗੀ। BMO ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਕਹਿੰਦੇ ਹਨ ਕਿ ਮਹਿੰਗਾਈ ਦੀ ਇਹ ਰਫਤਾਰ ਬੈਂਕ ਆਫ ਕੈਨੇਡਾ ਲਈ ਚਿੰਤਾ ਦਾ ਮੁੱਦਾ ਨਹੀਂ ਬਣੇਗੀ, ਜਿਸ ਕਰਕੇ ਉਹ ਵਿਆਜ ਦਰ ਵਿਚ ਕਟੌਤੀ ਦੇ ਰਾਹ ‘ਤੇ ਕਾਇਮ ਰਹੇਗਾ।

ਅਗਸਤ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ ਵਿੱਚ 3.5% ਵਧੀ। ਮਾਸ ਦੀ ਕੀਮਤ 7.2% ਵਧੀ। ਤਾਜ਼ਾ ਤੇ ਫ਼੍ਰੋਜ਼ਨ ਬੀਫ ਅਤੇ ਪ੍ਰੋਸੈਸ ਕੀਤੇ ਹੋਏ ਮਾਸ ਦੀਆਂ ਵਧੀਆਂ ਕੀਮਤਾਂ ਨੇ ਮਹਿੰਗਾਈ ਨੂੰ ਉਤਸ਼ਾਹਤ ਕੀਤਾ। ਤਾਜ਼ਾ ਫਲਾਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 1.1% ਘਟ ਗਈ, ਜਿਸਦਾ ਮੁੱਖ ਕਾਰਣ ਅੰਗੂਰ ਅਤੇ ਬੈਰੀਜ਼ ਦੀਆਂ ਘਟੀਆਂ ਕੀਮਤਾਂ ਸਨ। ਸੈੱਲਫੋਨ ਸੇਵਾਵਾਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਹੌਲੀ ਰਫਤਾਰ ਨਾਲ ਘਟੀ, ਪਰ ਅਗਸਤ ਮਹੀਨੇ ਵਿੱਚ ਇਹ ਮਹੀਨਾਵਾਰ ਅਧਾਰ ‘ਤੇ ਵਧ ਗਈ, ਕਿਉਂਕਿ ਕੰਪਨੀਆਂ ਨੇ ਬੈਕ-ਟੂ-ਸਕੂਲ ਪਲੈਨਾਂ ਲਈ ਕੀਮਤਾਂ ਵਧਾਈਆਂ। ਹਾਲਾਂਕਿ, ਸਮਾਰਟਫੋਨ ਤੇ ਟੈਬਲੈਟ ਦੀਆਂ ਘਟੀਆਂ ਕੀਮਤਾਂ ਨੇ ਇਹ ਵਾਧਾ ਥੋੜ੍ਹਾ ਕਾਬੂ ਕੀਤਾ। ਟ੍ਰੈਵਲ ਸੇਵਾਵਾਂ ਦੀ ਕੀਮਤ 3.8% ਘਟ ਗਈ, ਜਿਸਦਾ ਇੱਕ ਕਾਰਨ ਅਮਰੀਕਾ ਵੱਲ ਯਾਤਰਾ ਦੀ ਘੱਟ ਹੋਈ ਮੰਗ ਰਿਹਾ। ਪਰ ਹੋਟਲਾਂ ਦੀਆਂ ਕੀਮਤਾਂ ਵਧ ਗਈਆਂ, ਖਾਸ ਕਰਕੇ ਨੋਵਾ ਸਕੋਸ਼ੀਆ ਅਤੇ ਨਿਊਫੰਡਲੈਂਡ ਐਂਡ ਲੈਬਰਾਡੌਰ ਵਿੱਚ। ਇਥੇ ਅਗਸਤ ਦੇ ਅਖੀਰ ਵਿੱਚ ਕੈਨੇਡਾ ਗੇਮਜ਼ ਹੋਏ ਸਨ, ਜਿਸ ਕਰਕੇ ਹੋਟਲਾਂ ਦੀ ਮੰਗ ਵਧੀ।





