ਕੈਨੇਡਾ ਹੋਇਆ ਗਰੀਬ! ਲੋਕਾਂ ਸਿਰ ਚੜ੍ਹਿਆ ਮੋਟਾ ਕਰਜ਼ਾ!

CANADA: ਕੈਨੇਡਾ ਵਾਲਿਆਂ ਸਿਰ ਚੜ੍ਹਿਆ ਕਰਜ਼ਾ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਅਤੇ ਕਰਜ਼ੇ ਦੀ ਵਾਪਸੀ ਤੋਂ ਹੱਥ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ 2009 ਤੋਂ ਬਾਅਦ ਸਿਖਰ ’ਤੇ ਪੁੱਜ ਗਈ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ 37 ਹਜ਼ਾਰ ਤੋਂ ਵੱਧ ਇਨਸੌਲਵੈਂਸੀਜ਼ ਦਾਖ਼ਲ ਹੋਈਆਂ ਅਤੇ ਹਰ ਘੰਟੇ ਦੌਰਾਨ 17 ਜਣੇ ਬੈਂਕਰਪਸੀ ਐਂਡ ਇਨਸੌਲਵੈਂਸੀ ਐਕਟ ਦਾ ਸਹਾਰਾ ਲੈ ਰਹੇ ਹਨ। ਟ੍ਰਾਂਸਯੂਨੀਅਨ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਪਰਵਾਰਾਂ ਸਿਰ ਕਰਜ਼ੇ ਦੀ ਰਕਮ 2.6 ਟ੍ਰਿਲੀਅਨ ਡਾਲਰ ਤੋਂ ਟੱਪ ਗਈ ਹੈ ਅਤੇ ਇਸ ਅੰਕੜੇ ਵਿਚ 2026 ਦੇ ਪਹਿਲੇ ਤਿੰਨ ਮਹੀਨੇ ਦੌਰਾਨ ਲਿਆ ਕਰਜ਼ਾ ਸ਼ਾਮਲ ਨਹੀਂ। ਕੈਨੇਡੀਅਨ ਐਸੋਸੀਏਸ਼ਨ ਆਫ਼ ਇਨਸੌਲਵੈਂਸੀ ਐਂਡ ਰੀਸਟ੍ਰਕਚਰਿੰਗ ਪ੍ਰੋਫ਼ੈਸ਼ਨਲਜ਼ ਨੇ ਦੱਸਿਆ ਕਿ 2008 ਦੀ ਆਲਮੀ ਮੰਦੀ ਨੇ ਕੈਨੇਡੀਅਨ ਇਕੌਨਮੀ ਨੂੰ ਝੰਬ ਕੇ ਰੱਖ ਦਿਤਾ, ਜਿਸ ਮਗਰੋਂ 2009 ਦੇ ਸ਼ੁਰੂ ਵਿਚ ਕੰਜ਼ਿਊਮਰ ਇਨਸੌਲਵੈਂਸੀਜ਼ ਵਧਣ ਲੱਗੀਆਂ ਅਤੇ ਇਸ ਵੇਲੇ ਵੀ ਬਿਲਕੁਲ ਉਸੇ ਕਿਸਮ ਦੇ ਹਾਲਾਤ ਮਹਿਸੂਸ ਹੋ ਰਹੇ ਹਨ। ਅਪ੍ਰੈਲ 2025 ਤੋਂ ਮਾਰਚ 2026 ਦਰਮਿਆਨ ਇਨਸੌਲਵੈਂਸੀਜ਼ 4.2 ਫ਼ੀਸਦੀ ਵਧੀਆਂ ਪਰ ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਅੰਕੜਾ 17.5 ਫ਼ੀਸਦੀ ਦਰਜ ਕੀਤਾ ਗਿਆ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇਨਸੌਲਵੈਂਸੀਜ਼ ਦੇ 17 ਸਾਲ ਪੁਰਾਣੇ ਅੰਕੜੇ ਅਤੇ ਮੌਜੂਦਾ ਗਿਣਤੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਦੌਰਾਨ ਆਬਾਦੀ ਵਿਚ ਵੀ ਵਾਧਾ ਹੋਇਆ ਪਰ ਇਨਸੌਲਵੈਂਸੀਜ਼ ਵਧਣ ਦੀ ਤੇਜ਼ ਰਫ਼ਤਾਰ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿਚ ਕੰਜ਼ਿਊਮਰ ਇਨਸੌਲਵੈਂਸੀਜ਼, ਬੈਂਕਰਪਸੀਜ਼ ਅਤੇ ਕੰਜ਼ਿਊਮਰ ਪ੍ਰਪੋਜ਼ਲਜ਼ ਦੀ ਗਿਣਤੀ ਵਿਚ ਸਾਲਾਨਾ ਆਧਾਰ ’ਤੇ 16.2 ਫ਼ੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਉਨਟਾਰੀਓ ਵਿਚ ਇਨਸੌਲਵੈਂਸੀਜ਼ ਵਧਣ ਦੀ ਰਫ਼ਤਾਰ 14.7 ਫ਼ੀਸਦੀ ਦੱਸੀ ਜਾ ਰਹੀ ਹੈ ਪਰ ਬੈਂਕਰਪਸੀ ਵਧਣ ਦੀ ਰਫ਼ਤਾਰ 25 ਫ਼ੀਸਦੀ ਤੱਕ ਪੁੱਜ ਗਈ। ਕੰਜ਼ਿਊਮਰ ਪ੍ਰਪੋਜ਼ਲ ਦੇ ਮਾਮਲੇ ਵਿਚ ਕਿਸੇ ਪਰਵਾਰ ਦੀ ਜਾਇਦਾਦ ਪ੍ਰਭਾਵਤ ਨਹੀਂ ਹੁੰਦੀ ਅਤੇ ਕਰਜ਼ੇ ਦੀ ਅਦਾਇਗੀ ਵਾਸਤੇ ਵਾਧੂ ਸਮਾਂ ਲੈ ਲਿਆ ਜਾਂਦਾ ਹੈ ਜਦਕਿ ਬੈਂਕਰਪਸੀ ਦੇ ਮਾਮਲੇ ਵਿਚ ਕਰਜ਼ੇ ਦੀ ਰਕਮ ਅਦਾ ਕਰਨ ਵਾਸਤੇ ਜਾਇਦਾਦ ਜ਼ਬਤ ਕੀਤੀ ਜਾਂਦੀ ਹੈ।

ਮੌਜੂਦਾ ਹਾਲਾਤ ਨੂੰ ਵੇਖਦਿਆਂ ਇਨਸੌਲਵੈਂਸੀਜ਼ ਦਾ ਰੁਝਾਨ ਲੰਮੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ। ਉਧਰ, ਮਾਹਰਾਂ ਦਾ ਕਹਿਣਾ ਹੈ ਕਿ ਆਮਦਨ ਦੇ ਮੁਕਾਬਲੇ ਖਰਚਿਆਂ ਵਿਚ ਵਾਧਾ ਸਮੱਸਿਆ ਦੀ ਜੜ ਹੈ। ਮਿਸਾਲ ਵਜੋਂ ਇਸ ਵੇਲੇ ਦੀਆਂ ਗ੍ਰੌਸਰੀ ਕੀਮਤਾਂ ਅਤੇ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵਾਲੀਆਂ ਕੀਮਤਾਂ ਵਿਚ 35 ਫ਼ੀਸਦੀ ਦਾ ਵੱਡਾ ਫ਼ਰਕ ਦੇਖਿਆ ਜਾ ਸਕਦਾ ਹੈ। ਕਿਰਾਏ ’ਤੇ ਰਹਿਣ ਵਾਲੇ ਲੋਕ ਵੀ ਵੱਖ ਵੱਖ ਕਿਸਮ ਦੇ ਕਰਜ਼ਿਆਂ ਦੇ ਮਾਮਲੇ ਵਿਚ ਇਨਸੌਲਵੈਂਸੀਜ਼ ਦਾਖ਼ਲ ਕਰ ਰਹੇ ਹਨ। ਕਾਰੋਬਾਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ ਤੋਂ ਮਾਰਚ ਦਰਮਿਆਨ 1,232 ਇਨਸੌਲਵੈਂਸੀਜ਼ ਦਾਖ਼ਲ ਹੋਈਆਂ ਅਤੇ ਇਹ ਅੰਕੜਾ 2025 ਦੇ ਪਹਿਲੇ ਤਿੰਨ ਮਹੀਨੇ ਦੇ ਮੁਕਾਬਲੇ 7.5 ਫ਼ੀਸਦੀ ਘੱਟ ਬਣਦਾ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਰੁਜ਼ਗਾਰ ਖੇਤਰ ਵਿਚ ਹਿਲਜੁਲ, ਮਕਾਨ ਕਿਰਾਏ ਜਾਂ ਕਾਰੋਬਾਰੀ ਟਿਕਾਣਿਆਂ ਦੇ ਕਿਰਾਏ ਵਧਣ ਅਤੇ ਅਣਕਿਆਸੇ ਖਰਚਿਆਂ ਕਰ ਕੇ ਕੈਨੇਡੀਅਨ ਲੋਕਾਂ ਦੀ ਜੇਬ ’ਤੇ ਬੋਝ ਵਧਿਆ ਪਰ ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਨਸੌਲਵੈਂਸੀ ਕੋਈ ਸਮੱਸਿਆ ਨਹੀਂ ਸਗੋਂ ਬੀਤੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਦੀ ਤਸਵੀਰ ਹੈ।