Ottawa- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਵੀਰਵਾਰ ਨੂੰ ’ਤੇ ਨਵੀਂ ਡਾਕ ਟਿਕਟ ਜਾਰੀ ਕੀਤੀ। ਕੈਨੇਡਾ ’ਚ ਹਿੰਦੂ, ਬੋਧੀ, ਜੈਨ ਅਤੇ ਸਿੱਖ ਭਾਈਚਾਰੇ ਦੇ ਲੋਕ ਦੀਵਾਲੀ ਵੱਡੇ ਪੱਧਰ ’ਤੇ ਮਨਾਉਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਸਰਕਾਰ ਵਲੋਂ ਦੀਵਾਲੀ ਦੇ ਮੌਕੇ ’ਤੇ ਡਾਕ ਟਿਕਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਡਾਕ ਟਿਕਟ ਕੈਨੇਡੀਅਨ ਡਾਕ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ।
ਇਸ ਸਟੈਂਪ ਨੂੰ ਕ੍ਰਿਸਟੀਨ ਡੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ’ਤੇ ਚਿੱਤਰਕਾਰੀ ਰੇਨਾ ਚੇਨ ਵਲੋਂ ਕੀਤੀ ਗਈ ਹੈ। ਡਾਕ ਟਿਕਟ ਜਾਰੀ ਕਰਦਿਆਂ ਕੈਨੇਡੀਅਨ ਡਾਕ ਵਿਭਾਗ ਨੇ ਕਿਹਾ ਕਿ ਇਹ ਡਾਕ ਟਿਕਟ ਤੋਰਣ ਤੋਂ ਪ੍ਰੇਰਿਤ ਹੈ, ਜੋ ਦੀਵਾਲੀ ਮੌਕੇ ਘਰਾਂ ਅਤੇ ਮੰਦਰਾਂ ਦੇ ਪ੍ਰਵੇਸ਼ ਦੁਆਰ ’ਤੇ ਲਗਾਈ ਜਾਂਦੀ ਹੈ। ਇਸ ਡਾਕ ਟਿਕਟ ’ਚ ਪੀਲੇ ਅਤੇ ਸੰਤਰੀ ਰੰਗ ਦੀ ਵਰਤੋਂ ਕੀਤੀ ਗਈ ਹੈ। ਮੈਰੀਗੋਲਡ ਫੁੱਲ ਅਤੇ ਹਰੇ ਅੰਬ ਦੇ ਪੱਤਿਆਂ ਨੂੰ ਵੀ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਦੀਆਂ ਡਾਕ ਟਿਕਟਾਂ ’ਤੇ ਲੈਂਪ ਵੀ ਦਿਖਾਏ ਗਏ ਹਨ। ਇਹ ਡਾਕ ਟਿਕਟ ਇੱਕ ਵਿਸ਼ੇਸ਼ ਬੁੱਕਲੇਟ ’ਚ ਜਾਰੀ ਕੀਤੀ ਗਈ ਹੈ, ਜਿਸ ਦੀ ਕੀਮਤ 5.52 ਕੈਨੇਡੀਅਨ ਡਾਲਰ ਜਾਂ ਲਗਭਗ 340 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਲਗਾਤਾਰ ਪੰਜਵਾਂ ਸਾਲ ਹੈ, ਜਦੋਂ ਕੈਨੇਡੀਅਨ ਡਾਕ ਵਿਭਾਗ ਨੇ ਦੀਵਾਲੀ ਦੇ ਮੌਕੇ ’ਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਹੈ।