Vancouver – ਸਤੰਬਰ ਮਹੀਨਾ ਕੈਨੇਡਾ ਦੀ ਆਰਥਿਕਤਾ ਵਾਸਤੇ ਕਾਫ਼ੀ ਬਿਹਤਰ ਸਾਬਿਤ ਹੋਇਆ ਹੈ। ਇਸ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ‘ਚ ਕਈ ਨੌਕਰੀਆਂ ਸ਼ਾਮਿਲ ਹੋਈਆਂ। ਇਨ੍ਹਾਂ ਨੌਕਰੀਆਂ ਬਾਰੇ ਸਟੈਟਿਸਟਿਸਕ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਜੰਸੀ ਮੁਤਾਬਿਕ ਸਤੰਬਰ ਮਹੀਨੇ ਵਿਚ 157,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਵਿਚ ਨੌਕਰੀਆਂ ਦਾ ਪੱਧਰ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ‘ਤੇ ਪਹੁੰਚ ਗਿਆ ਹੈ।ਅਰਥਸ਼ਾਤਰੀਆਂ ਵੱਲੋਂ ਸਤੰਬਰ ਵਿਚ ਤਰੀਬਨ 60,000 ਨਵੀਆਂ ਨੌਕਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਨਵੇਂ ਅੰਕੜਿਆਂ ਵਿਚ ਅਨੁਮਾਨ ਨਾਲੋਂ ਕਿਤੇ ਵੱਧ ਨੌਕਰੀਆਂ ਦਰਜ ਹੋਈਆਂ ਹਨ। ਇਹਨਾਂ ਨੌਕਰੀਆਂ ਤੋਂ ਬਾਅਦ ਦੇਸ਼ ਵਿਚ ਬੇਰੁਜ਼ਗਾਰੀ ਦਰ ਵੀ ਘੱਟ ਕੇ 6.9 % ‘ਤੇ ਆ ਗਈ ਹੈ, ਜੋ ਕਿ ਮਹਾਮਾਰੀ ਤੋਂ ਬਾਅਦ ਦਰਜ ਹੋਣ ਵਾਲੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ। ਇਸ ਤੋਂ ਪਹਿਲਾਂ ਕੋਵਿਡ ਦੌਰਾਨ ਕੈਨੇਡਾ ਵਿਚ ਬੇਰੁਜ਼ਗਾਰੀ ਦਰ 5.6 ਫ਼ੀਸਦੀ ਸੀ। ਮਾਰਚ, ਅਪ੍ਰੈਲ ਅਤੇ ਮਈ 2020 ਵਿਚ ਇਹ ਦਰ ਤੇਜ਼ੀ ਨਾਲ ਵਧੀ ਅਤੇ ਮਈ 2020 ਵਿਚ ਬੇਰੁਜ਼ਗਾਰੀ ਦਰ 13.7 % ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ।
ਜਾਣਕਾਰੀ ਮੁਤਾਬਿਕ ਚਾਹੇ ਨੌਕਰੀਆਂ ਦਾ ਪੱਧਰ, ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ‘ਤੇ ਪਹੁੰਚ ਗਿਆ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਲੋਕ ਪਹਿਲਾਂ ਜਿੰਨਾ ਹੀ ਕੰਮ ਵੀ ਕਰ ਰਹੇ ਹਨ। ਆਪਣੇ ਆਮ ਕੰਮ ਦੇ ਘੰਟਿਆਂ ਨਾਲੋਂ ਅੱਧ ਸਮੇਂ ਲਈ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ , ਸਤੰਬਰ ਮਹੀਨੇ ਵਿਚ ਜਿਆਦਾ ਨਹੀਂ ਬਦਲੀ ਹੈ। ਫ਼ਰਵਰੀ 2020 ਦੇ ਮੁਕਾਬਲੇ ਅਜੇ ਵੀ 218,000 ਵੱਧ ਲੋਕ ਆਮ ਨਾਲੋਂ ਘੱਟ ਸਮੇਂ ਲਈ ਕੰਮ ਕਰ ਰਹੇ ਹਨ।