Vancouver – ਓਂਟਾਰੀਓ ‘ਚ ਕਈ ਬੱਸ ਸੇਵਾਵਾਂ ਰੱਦ ਕੀਤੀਆਂ ਗਈਆਂ। ਜਿਸ ਦੀ ਜਾਣਕਾਰੀ ਕੰਪਨੀ ਵੱਲੋਂ ਸਾਂਝੀ ਕੀਤੀ ਗਈ ਹੈ। ਦਰਅਸਲ ਟ੍ਰਾਂਜ਼ਿਟ ਕੰਪਨੀ ਮੈਟਰੋਲਿੰਕਸ ਵੱਲੋਂ ਬਿਨ੍ਹਾਂ ਵੈਕਸੀਨ ਵਾਲੇ ਆਪਣੇ ਮੁਲਾਜ਼ਮ ਮੁਅੱਤਲ ਕਰ ਦਿੱਤੇ ਹਨ। ਇਸ ਕਾਰਨ ਹੁਣ ਸਟਾਫ਼ ਦੀ ਕਮੀ ਆ ਗਈ ਹੈ ਜਿਸ ਕਾਰਨ ‘ਗੋ ਬੱਸ’ ਸੇਵਾਵਾਂ ਰੱਦ ਕਰਨੀਆਂ ਪਈਆਂ ਹਨ। ਇਸ ਬਾਰੇ ਗ੍ਰੇਟਰ ਟੋਰੌਂਟੋ ਅਤੇ ਹੈਮਿਲਟਨ ਏਰੀਆ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।ਏਜੰਸੀ ਨੇ ਕਿਹਾ ਹੈ ਕਿ ਯਾਤਰੀ ਪੂਰੇ ਹਫ਼ਤੇ ਲਈ ਬੱਸ ਅਤੇ ਟਰੇਨ ਸੇਵਾਵਾਂ ਦੀ ਸਮਾਂ-ਸੂਚੀ ਚੈਕ ਕਰਦੇ ਰਹਿਣ।ਟ੍ਰਾਂਜ਼ਿਟ ਏਜੰਸੀ ਨੇ ਕੈਂਸਲ ਹੋਣ ਵਾਲੀਆਂ ਬੱਸਾਂ ਦੀ ਗਿਣਤੀ ‘ਸੀਮਤ’ ਦੱਸੀ ਹੈ। ਏਜੇਂਸੀ ਵੱਲੋਂ ਅਜੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।
ਜਾਣਕਾਰੀ ਮੁਤਾਬਿਕ ਕੰਪਨੀ ਦੇ 4,600 ਮੁਲਾਜ਼ਮਾਂ ਵਿਚੋਂ 2-3 ਫ਼ੀਸਦੀ ਮੁਲਾਜ਼ਮਾਂ ਦੀ ਪੂਰੀ ਵੈਕਸੀਨੇਸ਼ਨ ਨਹੀਂ ਸਨ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਬਗ਼ੈਰ ਵੈਕਸੀਨ ਵਾਲਿਆਂ ਨੂੰ ਬਿਨਾ ਤਨਖ਼ਾਹ ਦੇ ਛੁੱਟੀ ਦੇ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਟੋਰੌਂਟੋ ਟ੍ਰਾਂਜ਼ਿਟ ਕਮੀਸ਼ਨ ਨੇ ਵੀ, ਲਾਜ਼ਮੀ ਵੈਕਨਸੀਨੇਸ਼ਨ ਤੋਂ ਬਾਅਦ ਵਰਕਰਾਂ ਦੀ ਘਾਟ ਦੇ ਚਲਦਿਆਂ,ਆਉਣ ਵਾਲੇ ਸਮੇਂ ਚ ਕੁਝ ਰੂਟਸ ‘ਤੇ ਟ੍ਰਾਂਸਪੋਰਟ ਸੇਵਾਵਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਹਨ ਜਿਨ੍ਹਾਂ ਵੱਲੋਂ ਵਰਕਰਾਂ ਵਾਸਤੇ ਕੋਰੋਨਾ ਟੀਕੇ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਕੋਰੋਨਾ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ।