Vancouver – ਕੈਨੇਡਾ ਵੱਲੋਂ ਉਡਾਣਾਂ ਸੰਬੰਧੀ ਵੱਡਾ ਕਦਮ ਚੁੱਕਿਆ ਗਿਆ। ਕੈਨੇਡਾ ਵੱਲੋਂ ਉਡਾਣਾਂ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ ਕੋਰੋਨਾ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਕੈਨੇਡਾ ਨੇ ਪਿਛਲੇ 14 ਦਿਨਾਂ ਦੇ ਦੌਰਾਨ ਦੱਖਣੀ ਅਫ਼ਰੀਕਾ ਦੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਯਾਤਰੀਆਂ ਦੀ ਕੈਨੇਡਾ ਵਿਚ ਐਂਟਰੀ ਬੈਨ ਕਰ ਦਿੱਤੀ ਹੈ। ਹੈਲਥ ਮਿਨਿਸਟਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੈਨੇਡਾ, ਦੱਖਣੀ ਅਫ਼ਰੀਕਾ ਦੇ ਸੱਤ ਦੇਸ਼ਾਂ – ਸਾਊਥ ਅਫ਼ਰੀਕਾ, ਨਮੀਬੀਆ, ਜ਼ਿੰਬਾਬਵੇ, ਬੋਟਸਵਾਨਾ, ਲਿਸੋਥੋ ਅਤੇ ਮੁਜ਼ੰਬੀਕ ਦੀ, ਬੀਤੇ 14 ਦਿਨਾਂ ਦੌਰਾਨ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀਆਂ ਨੂੰ ਕੈਨੇਡਾ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।ਗਲੋਬਰ ਅਫ਼ੇਅਰਜ਼ ਕੈਨੇਡਾ ਵੱਲੋਂ ਹੁਣ ਟ੍ਰੈਵਲ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਸਲਾਹ ਦਿੱਤੀ ਗਈ ਹੈ ਕਿ ਹੁਣ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਾ ਕੀਤੀ ਜਾਵੇ। ਦਸ ਦਈਏ ਕਿ ਕੈਨੇਡਾ ਅਤੇ ਦੱਖਣੀ ਅਫ਼ਰੀਕਾ ਦਰਮਿਆਾਨ ਸਿੱਧੀਆਂ ਉਡਾਣਾਂ ਦੀ ਵਿਵਸਥਾ ਨਹੀਂ ਹੈ, ਅਤੇ ਯਾਤਰੀ ਯੂਰਪ, ਅਰਬ ਦੇਸ਼ਾਂ ਜਾਂ ਯੂ ਐਸ ਰਾਹੀਂ ਕੁਨੈਕਟਿੰਗ ਫ਼ਲਾਈਟ ਲੈਕੇ ਕੈਨੇਡਾ ਲਈ ਯਾਤਰਾ ਕਰਦੇ ਹਨ।ਹੁਣ ਕੈਨੇਡਾ ਵਾਪਸ ਆ ਰਹੇ ਕੈਨੇਡੀਅਨਜ਼ ਲਈ ਕੁਨੈਕਟਿੰਗ ਦੇਸ਼ ਤੋਂ ਕੋਵਿਡ ਟੈਸਟ ਕਰਵਾਕੇ ਆਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੈਨੇਡਾ ਪਹੁੰਚਣ ਤੋਂ ਬਾਅਦ ਵੀ ਇਹਨਾਂ ਯਾਤਰੀਆਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ, ਅਤੇ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਹੋਟਲ ਵਿਚ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਨੀ ਹੋਵੇਗੀ। ਟੈਸਟ ਰਿਪੋਰਟ ਨੈਗਟਿਵ ਆਉਣ ‘ਤੇ ਯਾਤਰੀ ਆਪਣੇ ਘਰ ਜਾ ਸਕਦੇ ਹਨ ਪਰ ਉਹਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਜ਼ਰੂਰੀ ਹੋਵੇਗਾ। ਕੁਅਰੰਟੀਨ ਦੇ 11ਵੇਂ ਦਿਨ ਉਹਨਾਂ ਨੂੰ ਇੱਕ ਵਾਰੀ ਫ਼ੇਰ ਕੋਵਿਡ ਟੈਸਟ ਕਰਵਾਉਣਾ ਹੋਵੇਗਾ।