Ottawa- ਕੈਨਡਾ ਸਰਕਾਰ ਅਮਰੀਕਾ ਵਲੋਂ ਕੈਨੇਡੀਅਨ ਸੌਫ਼ਟਵੁੱਡ ਲੰਬਰ (ਲੱਕੜ) ‘ਤੇ ਡਿਊਟੀ ਲਗਾਉਣ ਦੇ ਤਾਜ਼ਾ ਫ਼ੈਸਲੇ ਦਾ ਵਿਰੋਧ ਕਰ ਰਹੀ ਹੈ। ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐੱਨ. ਜੀ. ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕਾ ਦੇ ਟਰੈਜ਼ਰੀ ਵਿਭਾਗ ਵਲੋਂ ਪਿਛਲੇ ਮਹੀਨੇ ਕੀਤੇ ਡਿਊਟੀਆਂ ਦੇ ਮੁਲਾਂਕਣ ਦੇ ਜੁਡੀਸ਼ੀਅਲ ਰੀਵਿਊ ਦੀ ਮੰਗ ਕਰ ਰਿਹਾ ਹੈ। ਕੈਨੇਡਾ ਨੇ ਅਮਰੀਕਾ ਵਲੋਂ ਡਿਊਟੀਆਂ ਲਾਉਣ ਦੇ ਇਸ ਫ਼ੈਸਲੇ ਨੂੰ ਅਣਉਚਿਤ, ਗ਼ੈਰ-ਵਾਜਬ ਅਤੇ ਗ਼ੈਰ-ਕਾਨੂੰਨੀ ਦੱਸਿਆ ਹੈ।
ਦੋਹਾਂ ਦੇਸ਼ਾਂ ਵਿਚਾਲੇ ਹੋਏ ਪਿਛਲੇ ਕੋਟਾ ਸਮਝੌਤੇ ਦੀ ਮਿਆਦ ਸਾਲ 2015 ’ਚ ਖਤਮ ਹੋ ਗਈ ਸੀ, ਅਤੇ ਇਸ ਸਾਲ ਜੁਲਾਈ ਦੇ ਅਖੀਰ ’ਚ ਵਾਸ਼ਿੰਗਟਨ ਨੇ ਕੈਨੇਡਾ ਦੇ ਲੱਕੜ ਸੈਕਟਰ ’ਤੇ 7.99 ਪ੍ਰਤੀਸ਼ਤ ਡਿਊਟੀ ਦਰ ਲਗਾ ਦਿੱਤੀ ਸੀ।
ਵਪਾਰ ਮੰਤਰੀ ਮੈਰੀ ਐਨਜੀ ਨੇ ਇੱਕ ਬਿਆਨ ’ਚ ਕਿਹਾ, ‘‘ਕਈ ਸਾਲਾਂ ਤੋਂ, ਸੰਯੁਕਤ ਰਾਜ ਅਮਰੀਕਾ ਨੇ ਕੈਨੇਡੀਅਨ ਸਾਫਟਵੁੱਡ ਲੱਕੜ ’ਤੇ ਅਣਉਚਿਤ, ਗ਼ੈਰ-ਵਾਜਬ ਅਤੇ ਗੈਰ-ਕਾਨੂੰਨੀ ਡਿਊਟੀਆਂ ਲਗਾਈਆਂ ਹਨ, ਜਿਸ ਨਾਲ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।’’
ਇਸ ਦੇ ਨਾਲ ਹੀ ਐਨਜੀ ਨੇ ਅਮਰੀਕੀ ਹਮਰੁਤਬਾ ਕੈਥਰੀਨ ਟੇਅ ਨੂੰ ਬੈਠ ਕੇ ਗੱਲਬਾਤ ਰਾਹੀਂ ਇਸ ਦਹਾਕਿਆਂ ਪੁਰਾਣੇ ਵਿਵਾਦ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਹਾਲਾਂਕਿ ਆਪਸੀ ਸਮਝੌਤਾ ਚੁਣੌਤੀਪੂਰਨ ਹੈ, ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਗੂਲੇਟਰੀ ਸਿਸਟਮ ਕਰਕੇ ਅਮਰੀਕਾ ਦੇ ਉਤਪਾਦਕਾਂ ਨੂੰ ਨੁਕਸਾਨ ਹੁੰਦਾ ਹੈ।
ਕੈਥਰੀਨ ਨੇ ਕਿਹਾ ਕਿ ਅਮਰੀਕਾ ਗੱਲਬਾਤ ਲਈ ਸਿਰਫ਼ ਉਦੋਂ ਤਿਆਰ ਹੋਵੇਗਾ, ਜਦੋਂ ਕੈਨੇਡਾ ਆਪਣੀ ਉਸ ਪ੍ਰਣਾਲੀ ਨੂੰ ਬੰਦ ਕਰੇਗਾ ਜਿਸ ਤਹਿਤ ਸੂਬਿਆਂ ਨੂੰ ਕ੍ਰਾਊਨ ਦੀ ਜ਼ਮੀਨ ‘ਤੇ ਲੱਗੇ ਟਿੰਬਰ ਦੀ ਕੀਮਤ ਤੈਅ ਕਰਨ ਦੀ ਇਜਾਜ਼ਤ ਹੁੰਦੀ ਹੈ।
ਦਰਅਸਲ ਅਮਰੀਕਾ ਕਹਿੰਦਾ ਰਿਹਾ ਹੈ ਕਿ ਕੈਨੇਡਾ ਦੇ ਲੰਬਰ ਉਤਪਾਦਕ ਅਮਰੀਕਾ ’ਚ ਘੱਟ ਕੀਮਤਾਂ ‘ਤੇ ਲੰਬਰ ਪਹੁੰਚਦੀ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਕੈਨੇਡਾ ਸਰਕਾਰ ਤੋਂ ਸਬਸਿਡੀ ਮਿਲਦੀ ਹੈ, ਪਰ ਇਸ ਨਾਲ ਅਮਰੀਕੀ ਲੰਬਰ ਪ੍ਰਭਾਵਿਤ ਹੁੰਦੀ ਹੈ।ਇਸੇ ਕਰਕੇ ਅਮਰੀਕਾ ਦਾ ਕੈਨੇਡਾ ਤੋਂ ਆਉਣ ਵਾਲੀ ਸਾਰੀ ਲੰਬਰ ‘ਤੇ ਟੈਰਿਫ਼ ਵਧਾਉਣ ਵੱਲ ਉਚੇਚਾ ਉਲਾਰ ਹੈ ਤਾਂ ਕਿ ਇਹਨਾਂ ਉਤਪਾਦਾਂ ਦੀ ਖ਼ਰੀਦ ਕੀਮਤ ਵਧ ਜਾਵੇ ਅਤੇ ਗਾਹਕ ਅਮਰੀਕੀ ਲੱਕੜ ਵੱਲ ਰੁਖ਼ ਕਰਨ।