ਕੈਨੇਡਾ ਨੇ ਅਪਡੇਟ ਕੀਤੀ ਟਰੈਵਲ ਐਡਵਾਇਜ਼ਰੀ, ਭਾਰਤ ’ਚ ਆਪਣੇ ਨਾਗਰਿਕਾਂ ਨੂੰ ਸੁਚੇਤ ਅਤੇ ਸਾਵਧਾਨ ਰਹਿਣ ਦੀ ਦਿੱਤੀ ਸਲਾਹ

Ottawa- ਕੈਨੇਡਾ ਨੇ ਭਾਰਤ ’ਚ ਆਪਣੇ ਨਾਗਰਿਕਾਂ ਲਈ ਯਾਤਰਾ ਐਡਵਾਇਜ਼ਰੀ ਨੂੰ ਅਪਡੇਟ ਕੀਤਾ ਹੈ ਅਤੇ ਉਨ੍ਹਾਂ ਨੂੰ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ’ਚ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਲਈ ਕਿਹਾ ਹੈ, ਕਿਉਂਕਿ ਸੋਸ਼ਲ ਮੀਡੀਆ ’ਤੇ ਕੈਨੇਡਾ ਦੇ ਵਿਰੁੱਧ ਪ੍ਰਦਰਸ਼ਨ ਕਰਨ ਦੀ ਅਪੀਲ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਸਾਹਮਣੇ ਆ ਰਹੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਜਾਸੂਸਾਂ ਦੀ ‘ਸੰਭਵ’ ਸ਼ਮੂਲੀਅਤ ਬਾਰੇ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ ਹੈ। ਭਾਰਤ ਨੇ 2020 ’ਚ ਨਿੱਝਰ ਨੂੰ ਇੱਕ ਦਹਿਸ਼ਤਗਰਦ ਨਾਮਜ਼ਦ ਕੀਤਾ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਦੋਹਾਂ ਦੇਸ਼ਾਂ ’ਚ ਤਣਾਅ ਉਸ ਵੇਲੇ ਸਿਖਰਾਂ ’ਤੇ ਪਹੁੰਚ ਗਿਆ ਸੀ, ਜਦੋਂ ਕੈਨੇਡਾ ਨੇ ਇਸ ਹੱਤਿਆਕਾਂਡ ਦੇ ਸੰਬੰਧ ’ਚ ਇੱਕ ਭਾਰਤੀ ਡਿਪਲੋਮੈਟ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸੇ ਦੇ ਬਦਲਾ ਲੈਣ ਲਈ ਭਾਰਤ ਨੇ ਵੀ ਇੱਕ ਸੀਨੀਅਰ ਕੈਨੇਡੀਅਨ ਡਿਪੋਲਮੈਟ ਨੂੰ ਬਰਖ਼ਾਸਤ ਕਰਦਿਆਂ ਉਸ ਨੂੰ ਦੇਸ਼ ’ਚੋਂ ਕੱਢ ਦਿੱਤਾ ਸੀ।
ਇਸ ਵਧੇ ਹੋਏ ਤਣਾਅ ਮਗਰੋਂ ਦੋਹਾਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਸੀ। ਕੈਨੇਡੀਅਨ ਸਰਕਾਰ ਨੇ ਐਤਵਾਰ ਨੂੰ ਇੱਕ ਅਪਡੇਟ ਕੀਤੀ ਐਡਵਾਇਜ਼ਰੀ ’ਚ ਕਿਹਾ, ‘‘ਕੈਨੇਡਾ ਅਤੇ ਭਾਰਤ ’ਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ’ਚ ਸੋਸ਼ਲ ਮੀਡੀਆ ’ਤੇ ਕੈਨੇਡਾ ਪ੍ਰਤੀ ਵਿਰੋਧ ਪ੍ਰਦਰਸ਼ਨ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਹਨ। ਕਿਰਪਾ ਕਰਕੇ ਸੁਚੇਤ ਰਹੋ ਅਤੇ ਸਾਵਧਾਨੀ ਵਰਤੋ।’’ ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਫੈਸਲਾ ਭਾਰਤ ਵਲੋਂ ਕੈਨੇਡਾ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਨ ਅਤੇ ਵੀਜ਼ਾ ਸੇਵਾਵਾਂ ਨੂੰ ਪਿਛਲੇ ਹਫਤੇ ਦੇ ਅਖੀਰ ’ਚ ਰੋਕਣ ਤੋਂ ਬਾਅਦ ਆਇਆ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ’ਚ ਸਾਵਧਾਨ ਰਹਿਣ ਅਤੇ ਦੂਤਾਵਾਸ ਨਾਲ ਸੰਪਰਕ ’ਚ ਰਹਿਣ ਦੀ ਸਲਾਹ ਜਾਰੀ ਕੀਤੀ ਸੀ।
ਕੈਨੇਡਾ ਨੇ ਪਹਿਲਾਂ ਟਰੈਵਲ ਐਡਵਾਈਜ਼ਰੀ ਜਾਰੀ ਕਰਦਿਆਂ ਆਪਣੇ ਨਾਗਰਿਕਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਬਚਣ ਲਈ ਕਿਹਾ ਸੀ, ਕਿਉਂਕਿ ਇੱਥੇ ਅੱਤਵਾਦ, ਕੱਟੜਪੰਥ, ਨਾਗਰਿਕ ਅਸ਼ਾਂਤੀ ਅਤੇ ਅਗਵਾ ਦਾ ਖਤਰਾ ਹੈ। ਇਸ ਐਡਵਾਇਜ਼ਰੀ ’ਚ ਕੈਨੇਡੀਅਨ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਯਾਤਰਾ ਨੂੰ ਸ਼ਾਮਿਲ ਨਹੀਂ ਕੀਤਾ ਸੀ।