Ottawa- ਕੈਨੇਡੀਅਨ ਸੈਨੇਟਰਾਂ ਦਾ ਇੱਕ ਸਮੂਹ ਨੇ ਦੇਸ਼ ਦੇ ਕੌਮਾਂਤਰੀ ਵਿਦਿਆਰਥੀ ਪ੍ਰੋਗਰਾਮ ’ਚ ਸੁਧਾਰਾਂ ਦੀ ਇੱਕ ਲੜੀ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ’ਚ ਨਵੇਂ ਆਉਣ ਵਿਦਿਆਰਥੀਆਂ ਨੂੰ ਧੋਖਾਧੜੀ ਅਤੇ ਦੁਰਵਿਵਹਾਰ ਤੋਂ ਬਚਾਉਣ ਦੇ ਤਰੀਕਿਆਂ ਦੇ ਨਾਲ-ਨਾਲ ਭਰਤੀ ਕਰਨ ਵਾਲਿਆਂ ਅਤੇ ਵਿਦਿਅਕ ਸੰਸਥਾਵਾਂ ਲਈ ਵਧੇਰੇ ਨਿਯਮ ਅਤੇ ਜੁਰਮਾਨੇ ਸ਼ਾਮਿਲ ਹਨ।
ਸੈਨੇਟਰ ਰਤਨਾ ਓਮਿਦਵਾਰ, ਯੂਏਨ ਪਾਉ ਵੂ, ਹਸਨ ਯੂਸਫ ਅਤੇ ਸਾਬਕਾ ਸੈਨੇਟਰ ਸਾਬੀ ਮਾਰਵਾਹ, ਇਹ ਸਾਰੇ ਆਜ਼ਾਦ ਸੈਨੇਟਰਜ਼ ਗਰੁੱਪ ਤੋਂ ਹਨ, ਨੇ ਬੁੱਧਵਾਰ ਨੂੰ ਆਪਣੀ ਰਿਪੋਰਟ ਜਾਰੀ ਕੀਤੀ, ਜਿਸ ਦੇ ਬਾਰੇ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਇਸਦਾ ਉਦੇਸ਼ ਅਖੰਡਤਾ ਚੁਣੌਤੀਆਂ ਨੂੰ ਹੱਲ ਕਰਨਾ ਹੈ।
ਸੈਨੇਟਰ ਓਮਿਦਵਾਰ ਨੇ ਇੱਕ ਬਿਆਨ ’ਚ ਕਿਹਾ ਕਿ ਕੌਮਾਂਤਰੀ ਵਿਦਿਆਰਥੀ ਪ੍ਰੋਗਰਾਮ ਆਪਣੀ ਹੀ ਸਫਲਤਾ ਦਾ ਸ਼ਿਕਾਰ ਰਿਹਾ ਹੈ। ਕੌਮਾਂਤਰੀ ਵਿਦਿਆਰਥੀਆਂ ਦੀ ਕੈਨੇਡਾ ਆਉਣ ਦੀ ਤੀਬਰ ਇੱਛਾ ਹੁੰਦੀ ਹੈ, ਹਾਲਾਂਕਿ, ਉਨ੍ਹਾਂ ਨੂੰ ਵੱਧ ਟਿਊਸ਼ਨ ਫੀਸਾਂ ਅਤੇ ਦੁਰਵਿਵਹਾਰ ਸਮੇਤ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮਾਮਲਿਆਂ ’ਚ ਉਹਨਾਂ ਨੂੰ ਉਹ ਸਮਰਥਨ ਨਹੀਂ ਮਿਲਦਾ, ਜਿਸਦੀ ਉਹਨਾਂ ਨੂੰ ਲੋੜ ਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਨੇਡਾ ਨੂੰ ਦਰਪੇਸ਼ ਬਹੁਤ ਸਾਰੀਆਂ ਮੌਜੂਦਾ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਉਹ ਪੀੜਤ ਹਨ ਨਾ ਕਿ ਅਪਰਾਧੀ। ਸਾਨੂੰ ਇਹ ਯਕੀਨੀ ਬਣਾਉਣ ਲਈ ਪ੍ਰੋਗਰਾਮ ਨੂੰ ਬਦਲਣ ਦੀ ਲੋੜ ਹੈ ਕਿ ਇਹ ਕੈਨੇਡਾ ਅਤੇ ਸਾਡੇ ਦੇਸ਼ ਲਈ ਬਹੁਤ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਲਈ ਕੰਮ ਕਰੇ।
ਪ੍ਰਸਤਾਵਿਤ ਸਿਫ਼ਾਰਸ਼ਾਂ ’ਚ ਕੈਨੇਡੀਅਨ ਮਨੋਨੀਤ ਸਿੱਖਿਅਕ ਸੰਸਥਾਵਾਂ ਜਾਂ ਡੀ. ਐੱਲ. ਆਈ. ਦੀ ਵਿੱਤੀ ਸਥਿਰਤਾ ਦੀ ਰਾਸ਼ਟਰੀ ਸਮੀਖਿਆ ਹੈ, ਜੋ ਕਿ ਲਾਜ਼ਮੀ ਤੌਰ ’ਤੇ ਕੌਮਾਂਤਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਲਈ ਸੂਬਾਈ ਅਤੇ ਖੇਤਰੀ ਸਰਕਾਰਾਂ ਵਲੋਂ ਪ੍ਰਵਾਨਿਤ ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਹਨ।
ਸੈਨੇਟਰਾਂ ਨੇ ਪ੍ਰਾਈਵੇਟ ਕਾਲਜਾਂ ਸਮੇਤ ਡੀ. ਐੱਲ. ਆਈ. ’ਤੇ ਵਧੇਰੇ ਨਿਗਰਾਨੀ ਰੱਖਣ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਿਹਾਇਸ਼ਾਂ ਦੀ ਲੋੜੀਂਦੀ ਸਪਲਾਈ ਹੈ ਅਤੇ ਵਿਦਿਆਰਥੀਆਂ ਨੂੰ ਰਿਹਾਇਸ਼, ਰੁਜ਼ਗਾਰ ਅਤੇ ਜਿਨਸੀ ਸ਼ੋਸ਼ਣ ਬਾਰੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਸੂਚਿਤ ਕਰਨ ਲਈ ਯਤਨ ਕੀਤੇ ਜਾਣ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦੀ ਆਬਾਦੀ 2022 ’ਚ ਲਗਭਗ 807,750 ਤੱਕ ਪਹੁੰਚ ਗਈ, ਜੋ ਕਿ 2008 ਦੇ ਮੁਕਾਬਲੇ ਚਾਰ ਗੁਣਾ ਵੱਧ ਹੈ।ਸੈਨੇਟਰ ਇਸ ਨੂੰ 2011 ਵਿੱਚ ਸੰਘੀ ਆਰਥਿਕ ਕਾਰਜ ਯੋਜਨਾ ਨਾਲ ਜੋੜਦੇ ਹਨ, ਜਿਸ ਵਿੱਚ ਇੱਕ ਕੌਮਾਂਤਰੀ ਸਿੱਖਿਆ ਰਣਨੀਤੀ ਲਈ ਫੰਡਿੰਗ ਸ਼ਾਮਲ ਸੀ ਜੋ ਜਨਵਰੀ 2014 ’ਚ ਜਾਰੀ ਕੀਤੀ ਗਈ ਸੀ। ਉਸ ਰਣਨੀਤੀ ’ਚ ਦੇਸ਼ ਦੀ ਕੌਮਾਂਤਰੀ ਵਿਦਿਆਰਥੀ ਆਬਾਦੀ ਨੂੰ 2011 ’ਚ 239,131 ਤੋਂ ਵਧਾ ਕੇ 2022 ਵਿੱਚ 450,000 ਤੋਂ ਵੱਧ ਕਰਨ ਦਾ ਟੀਚਾ ਸ਼ਾਮਲ ਸੀ। ਕੈਨੇਡਾ ਨੇ 2017 ਤੱਕ ਇਹ ਟੀਚਾ ਪ੍ਰਾਪਤ ਕੀਤਾ। ਭਾਰਤ ਕੈਨੇਡਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਪ੍ਰਮੁੱਖ ਸਰੋਤ ਦੇਸ਼ ਹੈ, ਇਸ ਤੋਂ ਬਾਅਦ ਚੀਨ, ਫਿਲੀਪੀਨਜ਼, ਫਰਾਂਸ, ਨਾਈਜੀਰੀਆ, ਈਰਾਨ, ਦੱਖਣੀ ਕੋਰੀਆ, ਵੀਅਤਨਾਮ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਹਨ।