ਕੈਨੇਡਾ ਦੇ ਸਨੋਬਰਡਜ਼ ਆਪਣੇ ਆਖਰੀ ਹਵਾਈ ਪ੍ਰਦਰਸ਼ਨਾਂ ਲਈ ਤਿਆਰ

Ottawa- ਕੈਨੇਡਾ ਦੀ ਮਸ਼ਹੂਰ ਹਵਾਈ ਪ੍ਰਦਰਸ਼ਨ ਟੀਮ ਰਾਇਲ ਕੈਨੇਡੀਅਨ ਏਅਰ ਫੋਰਸ ਦੇ ਸਨੋਬਰਡਜ਼ ਹੁਣ ਆਪਣੇ ਆਈਕਾਨਿਕ ਲਾਲ ਰੰਗ ਦੇ CT-114 Tutor ਜੈੱਟਾਂ ਨਾਲ ਆਖਰੀ ਪ੍ਰਦਰਸ਼ਨਾਂ ਲਈ ਤਿਆਰੀ ਕਰ ਰਹੇ ਹਨ। ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਨਵੇਂ ਜਹਾਜ਼ਾਂ ਦੀ ਆਮਦ ਤੱਕ ਇਹ ਟੀਮ ਅਸਥਾਈ ਤੌਰ ‘ਤੇ ਗਰਾਊਂਡ ਰਹੇਗੀ।
ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਨੋਬਰਡਜ਼ ਨੂੰ ਘੱਟੋ-ਘੱਟ 2030 ਦੇ ਸ਼ੁਰੂਆਤੀ ਸਾਲਾਂ ਤੱਕ ਰੋਕਿਆ ਜਾਵੇਗਾ, ਜਦੋਂ ਤੱਕ ਨਵਾਂ ਬੇੜਾ ਤਿਆਰ ਨਹੀਂ ਹੋ ਜਾਂਦਾ। ਮੌਜੂਦਾ CT-114 Tutor ਜੈੱਟਾਂ ਦੀ ਥਾਂ ਨਵੇਂ CT-157 Siskin II ਟ੍ਰੇਨਿੰਗ ਜਹਾਜ਼ ਲੈਣਗੇ। ਇਹ Tutor ਜੈੱਟ 1971 ਤੋਂ ਸਨੋਬਰਡਜ਼ ਦੀ ਪਹਿਚਾਣ ਰਹੇ ਹਨ।
ਪਿਛਲੇ 55 ਸਾਲਾਂ ਦੌਰਾਨ ਸਨੋਬਰਡਜ਼ ਨੇ ਕੈਨੇਡਾ ਤੋਂ ਲੈ ਕੇ ਵਿਦੇਸ਼ਾਂ ਤੱਕ 2,000 ਤੋਂ ਵੱਧ ਹਵਾਈ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਮੋਹਿਆ ਹੈ। ਸਾਬਕਾ ਕਮਾਂਡਿੰਗ ਅਫਸਰ ਡੈਨ ਡੈਂਪਸੀ ਨੇ ਕਿਹਾ ਕਿ ਪਿਛਲੇ ਸਾਲ ਕੈਲੀਫੋਰਨੀਆ ‘ਚ ਹੋਏ ਪ੍ਰਦਰਸ਼ਨ ਦੌਰਾਨ ਲੋਕਾਂ ਦਾ ਸ਼ਾਨਦਾਰ ਪ੍ਰਤੀਕਰਮ ਮਿਲਿਆ ਸੀ। ਉਨ੍ਹਾਂ ਕਿਹਾ, “ਸਨੋਬਰਡਜ਼ ਕੈਨੇਡਾ ਦੀ ਪਹਿਚਾਣ ਹਨ ਅਤੇ ਕੈਨੇਡਾ ਨੂੰ ਉਨ੍ਹਾਂ ‘ਤੇ ਮਾਣ ਹੈ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਸਨੋਬਰਡਜ਼ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹਵਾਈ ਪ੍ਰਦਰਸ਼ਨ “ਬਿਲਕੁਲ ਸ਼ਾਨਦਾਰ” ਹੁੰਦੇ ਹਨ ਅਤੇ ਕਈ ਕੈਨੇਡੀਅਨਜ਼ ਵਾਂਗ ਉਹ ਵੀ ਇਸ ਟੀਮ ਦੇ ਪ੍ਰਦਰਸ਼ਨਾਂ ਦਾ ਆਨੰਦ ਲੈਂਦੇ ਰਹੇ ਹਨ।
ਸਨੋਬਰਡਜ਼ ਦਾ ਮੁੱਖ ਦਫ਼ਤਰ ਸਸਕੈਚਵਨ ਦੇ Moose Jaw ‘ਚ ਸਥਿਤ 15 Wing Moose Jaw ਬੇਸ ‘ਤੇ ਹੈ। ਇਹ ਟੀਮ ਦੀ ਸਥਾਪਨਾ ਤੋਂ ਹੀ ਉਨ੍ਹਾਂ ਦਾ ਘਰ ਰਿਹਾ ਹੈ ਅਤੇ ਨਵੇਂ ਜਹਾਜ਼ਾਂ ਨਾਲ ਵਾਪਸੀ ਤੋਂ ਬਾਅਦ ਵੀ ਇਹੀ ਬੇਸ ਸਨੋਬਰਡਜ਼ ਦਾ ਕੇਂਦਰ ਰਹੇਗਾ। Moose Jaw ਦੇ ਮੇਅਰ ਜੇਮਜ਼ ਮਰਡਾਕ ਨੇ ਕਿਹਾ ਕਿ ਇਹ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਸਨੋਬਰਡਜ਼ ਇੱਥੇ ਹੀ ਰਹਿਣਗੇ। ਉਨ੍ਹਾਂ ਕਿਹਾ, “ਸਨੋਬਰਡਜ਼ ਸਾਡੇ ਭਾਈਚਾਰੇ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਇਹ ਸਾਡੇ ਡੀਐਨਏ ਦਾ ਹਿੱਸਾ ਹਨ।”
ਇਸ ਸਾਲ ਦੀਆਂ ਸਾਰੀਆਂ ਪ੍ਰਦਰਸ਼ਨ ਤਾਰੀਖਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਅਤੇ ਟੀਮ ਅਕਤੂਬਰ ਤੱਕ ਆਪਣੇ Tutor ਜੈੱਟਾਂ ਨਾਲ ਆਖਰੀ ਉਡਾਣਾਂ ਭਰੇਗੀ। ਗਰਮੀ ਦੇ ਸੀਜ਼ਨ ਦੀ ਸ਼ੁਰੂਆਤ ਮੋਂਟਰੀਅਲ ਗ੍ਰਾਂ ਪ੍ਰੀ ਤੋਂ ਹੋਵੇਗੀ। ਇਸ ਤੋਂ ਬਾਅਦ ਸਨੋਬਰਡਜ਼ ਅਮਰੀਕਾ ਦੇ ਮਿਸੌਰੀ, ਫਿਰ ਓਨਟਾਰੀਓ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਮੈਰੀਟਾਈਮਜ਼ ਖੇਤਰਾਂ ਵਿੱਚ ਵੀ ਪ੍ਰਦਰਸ਼ਨ ਕਰਨਗੇ। ਟੀਮ ਕੈਨੇਡਾ ਡੇਅ ਮੌਕੇ ਦੇਸ਼ ਦੀ ਰਾਜਧਾਨੀ ਓਟਵਾ ‘ਚ ਵੀ ਹਵਾਈ ਕਰਤੱਬ ਦਿਖਾਏਗੀ, ਜਦਕਿ ਅਮਰੀਕਾ ਦੇ ਸੁਤੰਤਰਤਾ ਦਿਵਸ ਮੌਕੇ ਨਿਊਯਾਰਕ ਸਿਟੀ ‘ਚ ਵੀ ਉਡਾਣ ਭਰੇਗੀ।
ਰਵਾਇਤ ਮੁਤਾਬਕ ਸਨੋਬਰਡਜ਼ ਮਜ਼ਦੂਰ ਦਿਵਸ ਹਫ਼ਤੇ ਦੌਰਾਨ ਟੋਰਾਂਟੋ ਦੇ ਕੈਨੇਡੀਅਨ ਰਾਸ਼ਟਰੀ ਪ੍ਰਦਰਸ਼ਨੀ (CNE) ‘ਚ ਆਪਣਾ ਪ੍ਰਦਰਸ਼ਨ ਸਮਾਪਤ ਕਰਨਗੇ। ਇਸ ਵੇਲੇ ਯੋਜਨਾ ਅਨੁਸਾਰ Tutor ਜੈੱਟਾਂ ਦੀ ਆਖਰੀ ਉਡਾਣ ਅਕਤੂਬਰ ‘ਚ ਕੈਲੀਫੋਰਨੀਆ ‘ਚ ਹੋਵੇਗੀ, ਹਾਲਾਂਕਿ ਅਧਿਕਾਰੀਆਂ ਇਸ ਨੂੰ ਕੈਨੇਡਾ ‘ਚ ਹੀ ਰਿਟਾਇਰ ਕਰਨ ‘ਤੇ ਵੀ ਵਿਚਾਰ ਕਰ ਰਹੇ ਹਨ। ਡੈਨ ਡੈਂਪਸੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਇਤਿਹਾਸਕ ਲਾਲ ਜੈੱਟ ਇਸ ਸਾਲ ਨਵੰਬਰ ਵਿੱਚ ਕੈਲਗਰੀ ‘ਚ ਹੋਣ ਵਾਲੇ ਗਰੇ ਕੱਪ ਦੌਰਾਨ ਸਨਮਾਨ ਨਾਲ ਰਿਟਾਇਰ ਕੀਤੇ ਜਾਣ।