ਅਮਰੀਕਾ ਨੇ ਭਾਰਤ ਵਿਰੁੱਧ ਦਿੱਤਾ ਜਾਂਚ ’ਤੇ ਜ਼ੋਰ, ਕਿਹਾ- ਗੰਭੀਰ ਹਨ ਕੈਨੇਡਾ ਵਲੋਂ ਲਾਏ ਦੋਸ਼

Washington- ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇੱਕ ਵਾਰ ਫਿਰ ਅਮਰੀਕਾ ਨੇ ਜਾਂਚ ਦਾ ਮੁੱਦਾ ਚੁੱਕਿਆ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਕੈਨੇਡਾ ਵਲੋਂ ਲਗਾਏ ਗਏ ਦੋਸ਼ ‘ਗੰਭੀਰ’ ਹਨ। ਨਾਲ ਹੀ ਇਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਭਾਰਤ ਨੂੰ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਵਿਰੁੱਧ ਦੋਸ਼ ਲਾਏ ਸਨ।
ਵ੍ਹਾਈਟ ਹਾਊਸ ਦੇ ਅਧਿਕਾਰੀ ਜਾਨ ਕਿਰਬੀ ਨੇ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਵਿਚਾਲੇ ਇਸ ਮੁੱਦੇ ’ਤੇ ਗੱਲਾਬਤ ਵੀ ਹੋਈ ਸੀ। ਉਨ੍ਹਾਂ ਕਿਹਾ, ‘‘ਇਸ ਮੁੱਦੇ ’ਤੇ ਗੱਲਬਾਤ ਹੋਈ ਸੀ। ਅਸੀਂ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਦੇ ਦਵੁੱਲੇ ਸੰਬੰਧਾਂ ’ਤੇ ਛੱਡਦੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਸ ਮੁੱਦੇ ’ਤੇ ਸਪਸ਼ਟ ਰਹੇ ਹਾਂ ਕਿ ਦੋਸ਼ ਗੰਭੀਰ ਹਨ ਅਤੇ ਇਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਜ਼ਰੂੂਰੀ ਹੈ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਭਾਰਤ ਨੂੰ ਜਾਂਚ ’ਚ ਸਰਗਰਮ ਤੌਰ ’ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
ਅਮਰੀਕੀ ਵਿਦੇਸ਼ ਮੰਤਰੇ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਵੀ ਕਿਹਾ ਸੀ ਕਿ ਕੈਨੇਡਾ ਵਲੋਂ ਜਾਂਚ ਨੂੰ ਅੱਗੇ ਵਧਾਉਣਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਵੀ ਨਿੱਜੀ ਅਤੇ ਜਨਤਕ ਤੌਰ ’ਤੇ ਕਿਹਾ ਸੀ ਕਿ ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਵਲੋਂ ਜਾਂਚ ਕਰਨ ਅਤੇ ਉਨ੍ਹਾਂ ਦੇ ਯਤਨਾਂ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।’’ ਪਟੇਲ ਨੇ ਕਿਹਾ, ‘‘ਅਸੀਂ ਭਾਰਤ ਦੇ ਕਵਾਡ ਸਣੇ ਕਈ ਥਾਂਵਾਂ ’ਤੇ ਭਾਈਵਾਲ ਹਾਂ ਅਤੇ ਅਸੀਂ ਉਨ੍ਹਾਂ ਦੇ ਨਾਲ ਖੇਤਰ ’ਚ ਕਈ ਅਹਿਮ ਮੁੱਦਿਆਂ ’ਤੇ ਕੰਮ ਕਰਨਾ ਜਾਰੀ ਰੱਖਾਂਗੇ ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਅਸੀਂ ਸਿਰਫ਼ ਕੈਨੇਡੀਅਨ ਸਾਂਝੇਦਾਰਾਂ ਦੇ ਨਾਲ ਹੀ ਕੰਮ ਕਰਨਾ ਜਾਰੀ ਨਹੀਂ ਰੱਖਾਂਗੇ, ਬਲਕਿ ਜਨਤਕ ਅਤੇ ਨਿੱਜੀ ਤੌਰ ’ਤੇ ਭਾਰਤ ਸਰਕਾਰ ਨੂੰ ਕੈਨੇਡਾ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।’’