Ottawa – ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਅੱਜ ਜਾਣਕਾਰੀ ਦਿੱਤੀ ਕਿ ਬੀਤੇ ਹਫ਼ਤੇ ਗੁਆਮ ’ਚ ਅਮਰੀਕੀ ਹਵਾਈ ਅੱਡੇ ’ਤੇ ਇੱਕ ਕੈਨੇਡੀਅਨ ਫੌਜੀ ਜਹਾਜ਼ ਅਤੇ ਫਰਾਂਸੀਸੀ ਹਵਾਈ ਫੌਜ ਦਾ ਜਹਾਜ਼ ਇਕ ਦੂਜੇ ਸੰਪਰਕ ’ਚ ਆ ਗਏ। ਇਸ ਸੰਬੰਧ ’ਚ ਇੱਕ ਕੌਮਾਂਤਰੀ ਜਾਂਚ ਚੱਲ ਰਹੀ ਹੈ। ਰੱਖਿਆ ਮੰਤਰਾਲੇ ਮੁਤਾਬਕ ਇਹ ਘਟਨਾ ਬੀਤੇ ਸ਼ੁੱਕਰਵਾਰ ਨੂੰ ਐਂਡਰਸਰਨ ਏਅਰਫੋਰਸ ਬੇਸ ਦੇ ਰੈਂਪ ’ਤੇ ਵਾਪਰੀ। ਇਨ੍ਹਾਂ ਜਹਾਜ਼ਾਂ ’ਚ ਇੱਕ ਕੈਨੇਡੀਅਨ CC-150 Polaris ਮਿਲਟਰੀ ਟਰਾਂਸਪੋਰਟ ਜਹਾਜ਼ ਅਤੇ ਇਕ ਫਰੈਂਚ ਏਅਰ ਅਤੇ ਸਪੇਸ ਫੋਰਸ A400M ਸ਼ਾਮਿਲ ਸਨ। ਰੱਖਿਆ ਵਿਭਾਗ ਦੇ ਬੁਲਾਰੇ ਡੈਨੀਅਲ ਲੇ ਬੁਥਿਲੀਅਰ ਨੇ ਅੱਜ ਇੱਕ ਬਿਆਨ ’ਚ ਦੱਸਿਆ ਘਟਨਾ ਵੇਲੇ ਕੈਨੇਡੀਅਨ ਜਹਾਜ਼ ’ਚ ਕੋਈ ਨਹੀਂ ਸੀ ਅਤੇ ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਉਨ੍ਹਾਂ ਕਿਹਾ, ‘‘ਕਿਉਂਕਿ ਮਾਮਲੇ ਦੀ ਅਜੇ ਫਲਾਇਟ ਸੁਰੱਖਿਆ ਜਾਂਚ ਵਿਧੀ ਰਾਹੀਂ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਅਸੀਂ ਨੁਕਸਾਨ ਦੇ ਸੰਭਾਵੀ ਕਾਰਨਾਂ ’ਤੇ ਟਿੱਪਣੀ ਨਹੀਂ ਕਰ ਸਕਦੇ।’’