ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਇਸ ਗੱਲ ਦੀ ਮੁੜ ਪੁਸ਼ਟੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਕੈਨੇਡੀਅਨ ਅਤੇ ਉਨ੍ਹਾਂ ਦੇ ਪਰਿਵਾਰ ਗਾਜ਼ਾ ਛੱਡਣ ਦੇ ਯੋਗ ਹੋਣਗੇ। ਗਲੋਬਲ ਅਫੇਅਰਜ਼ ਕੈਨੇਡਾ (ਜੀਏਸੀ) ਨੇ ਵੀਰਵਾਰ ਨੂੰ ਇੱਕ ਅਪਡੇਟ ’ਚ ਦੱਸਿਆ ਕਿ ਲਗਭਗ 450 ਕੈਨੇਡੀਅਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੇਤਰ ’ਚ ਹਨ ਅਤੇ ਉਨ੍ਹਾਂ ਨੇ ਛੱਡਣ ਦੀ ਇੱਛਾ ਜ਼ਾਹਰ ਕੀਤੀ ਹੈ।
ਮੈਲੇਨੀ ਜੋਲੀ ਨੇ ਵੀਰਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਇੱਕ ਅਪਡੇਟ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਇਜ਼ਰਾਈਲ ’ਚ ਆਪਣੇ ਹਮਰੁਤਬਾ ਐਲੀ ਕੋਹੇਨ ਨਾਲ ਗੱਲ ਕੀਤੀ ਹੈ। ਜੋਲੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਸਰ ਵਲੋਂ ਵੀ ਸਹਿਯੋਗ ਮਿਲਣ ਦੀ ਪੁਸ਼ਟੀ ਮਿਲੀ ਹੈ।
ਬੁੱਧਵਾਰ ਤੋਂ ਰਫਾਹ ਕਰਾਸਿੰਗ ਰਾਹੀਂ ਵਿਦੇਸ਼ੀ ਨਾਗਰਿਕਾਂ ਦੇ ਗਾਜ਼ਾ ਚੋਂ ਨਿਕਲਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ, ਪਰ ਉਨ੍ਹਾਂ ’ਚ ਕੈਨੇਡੀਅਨ ਨਾਗਰਿਕ ਸ਼ਾਮਲ ਨਹੀਂ ਹਨ। ਗਲੋਬਲ ਅਫੇਅਰਜ਼ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜੰਗੀ ਖੇਤਰ ਤੋਂ ਕੈਨੇਡੀਅਨਜ਼ ਨੂੰ ਕੱਢਣ ਲਈ ਦਿਨੋ ਰਾਤ ਕੰਮ ਕਰ ਰਹੇ ਹਨ। ਵਿਭਾਗ ਨੇ ਉੱਥੇ ਮੌਜੂਦ ਕੈਨੇਡੀਅਨਜ਼ ਨੂੰ ਆਪਣੇ ਦਸਤਾਵੇਜ਼ ਤਿਆਰ ਰੱਖਣ ਲਈ ਕਿਹਾ ਹੈ ਤਾਂ ਕਿ ਜਦੋਂ ਵੀ ਕੈਨੇਡਾ ਨੂੰ ਸੂਚਿਤ ਕੀਤਾ ਜਾਵੇ ਕਿ ਲੋਕ ਸਰਹੱਦ ਪਾਰ ਕਰ ਸਕਦੇ ਹਨ, ਤਾਂ ਲੋਕ ਰਵਾਨਾ ਹੋਣ ਲਈ ਤਿਆਰ ਬਰ ਤਿਆਰ ਹੋਣ। ਜੋਲੀ ਨੇ ਕਿਹਾ ਕਿ ਗਲੋਬਲ ਅਫੇਅਰਜ਼ ਕੈਨੇਡਾ ਨਵੀਨਤਮ ਜਾਣਕਾਰੀ ਲਈ ਕੈਨੇਡੀਅਨਜ਼ ਨਾਲ ਸਿੱਧਾ ਸੰਪਰਕ ਕਰੇਗਾ।
ਦੱਸਣਯੋਗ ਹੈ ਕਿ ਬੀਤੀ 7 ਅਕਤੂਬਰ ਨੂੰ ਹਮਾਸ ਵਲੋਂ ਇਜ਼ਰਾਈਲ ‘ਤੇ ਕੀਤੇ ਸ਼ੁਰੂਆਤੀ ਹਮਲੇ ’ਚ 1,400 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ, ਹਮਾਸ ਵਲੋਂ ਲਗਭਗ 240 ਬੰਧਕਾਂ ਨੂੰ ਇਜ਼ਰਾਈਲ ਤੋਂ ਗਾਜ਼ਾ ਲਿਆਂਦਾ ਗਿਆ ਸੀ। ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਇਜ਼ਰਾਈਲ ਦੀ ਜਵਾਬੀ ਫ਼ੌਜੀ ਕਾਰਵਾਈ ’ਚ 9,000 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ।