ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਨ ਨਾਲ ਜ਼ਾਹਰ ਕੀਤੀ ਨਾਰਾਜ਼ਗੀ, ਦਿੱਤੀ ਅਸਤੀਫੇ ਦੀ ਧਮਕੀ

ਚੰਡੀਗੜ੍ਹ : ਸਿਆਸੀ ਹਲਕਿਆਂ ਵਿਚ ਸਵੇਰ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਬਾਰੇ ਚਰਚਾ ਚੱਲ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ। ਜਿਵੇਂ ਹੀ ਅਮਰਿੰਦਰ ਨੂੰ ਇਹ ਜਾਣਕਾਰੀ ਮਿਲੀ, ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਮਨੀਸ਼ ਤਿਵਾੜੀ ਅਤੇ ਕਮਲਨਾਥ ਨਾਲ ਗੱਲ ਕੀਤੀ।

ਮੀਡੀਆ ਰਿਪੋਰਟਾਂ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਗੁੱਸਾ ਆਇਆ ਜਦੋਂ ਉਨ੍ਹਾਂ ਨੇ ਜ਼ਬਰਦਸਤੀ ਉਨ੍ਹਾਂ ਤੋਂ ਅਸਤੀਫਾ ਮੰਗਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਅਸਤੀਫਾ ਲਿਆ ਜਾਂਦਾ ਹੈ ਤਾਂ ਉਹ ਪਾਰਟੀ ਛੱਡ ਦੇਣਗੇ। ਹਾਲਾਂਕਿ ਉਨ੍ਹਾਂ ਨੇ ਇਹ ਸਿੱਧਾ ਪਾਰਟੀ ਹਾਈਕਮਾਨ ਨੂੰ ਨਹੀਂ ਕਿਹਾ।

ਸੂਤਰਾਂ ਦੇ ਹਵਾਲੇ ਤੋਂ ਇਕ ਹੋਰ ਜਾਣਕਾਰੀ ਪ੍ਰਾਪਤ ਹੋਈ ਕਿ ਕੈਪਟਨ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਫ਼ੋਨ ‘ਤੇ ਸ਼ਾਮ 5 ਵਜੇ ਚੰਡੀਗੜ੍ਹ ਵਿਚ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਬਾਰੇ ਗੱਲ ਕੀਤੀ ਅਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ।

ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦਲ ਦੀ ਬੈਠਕ ਵਿਚ ਕੈਪਟਨ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਜਾਵੇਗਾ ਅਤੇ ਫਿਰ ਅੱਜ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ 40 ਵਿਧਾਇਕਾਂ ਨੇ ਪਾਰਟੀ ਹਾਈਕਮਾਨ ਨੂੰ ਚਿੱਠੀ ਲਿਖੀ ਸੀ। ਜਿਸ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ।

ਟੀਵੀ ਪੰਜਾਬ ਬਿਊਰੋ