ਨਵੀਂ ਦਿੱਲੀ- ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਐੱਨ.ਡੀ.ਏ ਗਠਜੋੜ ਦੇ ਸਾਥੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਨੇ.ਇੱਥੇ ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ.ਹਾਲਾਂਕਿ ਪਾਰਟੀ ਵਲੋਂ ਇਸ ਨੂੰ ਬੀ.ਬੀ.ਐੱਮ.ਬੀ ਅਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਦੱਸੀ ਜਾ ਰਹੀ ਹੈ ਪਰ ਸਿਆਸੀ ਹਲਕਿਆਂ ਚ ਇਸਨੂੰ ਕੈਪਟਨ ਦੇ ਸਿਆਸੀ ਸ਼ੋਅ ਵਾਲੇ ਦਾਅਵੇ ਨੂੰ ਜੋੜ ਕੇ ਦੇਖ ਰਹੇ ਹਨ.
ਪੰਜਾਬ ਲੋਕ ਕਾਂਗਰਸ ਵਲੋਂ ਇਕ ਟਵੀਟ ਕਰਕੇ 10 ਮਾਰਚ ਨੂੰ ਸਿਸਵਾਂ ਫਾਰਮ ਤੋਂ ਸਿਆਸੀ ਸ਼ੌਅ ਚਲਾਉਣ ਦੀ ਗੱਲ ਕੀਤੀ ਗਈ ਸੀ.ਪੰਜਾਬ ਦੇ ਸਿਆਸੀ ਹਲਕਿਆਂ ਚ ਇਸ ਗੱਲ ਦੀ ਚਰਚਾ ਹੈ ਕਿ ਚੋਣ ਨਤੀਜੀਆਂ ਤੋਂ ਬਾਅਦ ਕਾਂਗਰਸ ਪਾਰਟੀ ਚ ਵੱਡੇ ਪੱਧਰ ‘ਤੇ ਟੁੱਟ ਭੱਜ ਹੋਣ ਵਾਲੀ ਹੈ ਜਿਸਦੀ ਰੂਪਰੇਖਾ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਖੀ ਗਈ ਹੈ.ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰੀਤਪਾਲ ਸਿੰਘ ਬਲੀਆਂਵਾਲਾ ਨੇ ਖੁੱਲੇ ਤੌਰ ‘ਤੇ ਐਲ਼ਾਨ ਕੀਤਾ ਹੈ ਕਿ ਪੰਜਾਬ ਚ ਭਾਜਪਾ ਗਠਜੋੜ ਦੀ ਹੀ ਸਰਕਾਰ ਬਣੇਗੀ,ਜਿਸ ਵਿੱਚ ਕੈਪਟਨ ਅਮਰਿੰਦਰ ਸਿੰਗ ਵੱਡਾ ਰੋਲ ਨਿਭਾਉਣ ਜਾ ਰਹੇ ਹਨ.
ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚ ਸੰਨ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ.ਅੰਦਰਖਾਤੇ ਕਈ ਨੇਤਾ ਕੈਪਟਨ ਅਮਰਿੰਦਰ ਦੇ ਸੰਪਰਕ ਚ ਹਨ.ਇਹੋ ਕਾਰਣ ਹੈ ਕਿ ਕਾਂਗਰਸ ਵਲੋਂ ਕਈ ਨੇਤਾਵਾਂ ਨੂੰ ਰਾਜਸਥਾਨ ਸਮੇਤ ਹੋਰ ਸੂਬਿਆਂ ਚ ਭੇਜੇ ਜਾਣ ਦੀ ਵੀ ਕਵਾਇਦ ਕੀਤੀ ਜਾ ਰਹੀ ਹੈ.ਕਾਂਗਰਸ ਪਾਰਟੀ ਨੂੰ ਖਦਸ਼ਾ ਹੈ ਕਿ ਕੈਪਟਨ ਦੀ ਮਾਰਫਤ ਕਈ ਜੇਤੂ ਉਮੀਦਵਾਰ ਭਾਜਪਾ ਦਾ ਲੜ ਫੜ ਸਕਦੇ ਹਨ.
ਕੈਪਟਨ ਅਮਰਿੰਦਰ ਸਿੰਘ ਦੀ ਅੱਜ ਦੀ ਦਿੱਲੀ ਫੇਰੀ ਨੂੰ ਇਸੇ ਮਿਸ਼ਨ ਦੀ ਹਰੀ ਝੰਡੀ ਵਜੋਂ ਦੇਖਿਆ ਜਾ ਰਿਹਾ ਹੈ.