ਜਲੰਧਰ ‘ਚ ਤੇਜ਼ ਰਫਤਾਰ ਕਾਰ ਦਾ ਕਹਿਰ: ਸੜਕ ਕਿਨਾਰੇ ਪਿਓ-ਪੁੱਤ ਨੂੰ ਦਰੜਿਆ

ਡੈਸਕ- ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਨੇੜੇ ਦੋ ਕਾਰਾਂ ਅਤੇ ਇੱਕ ਐਸਯੂਵੀ ਵਿਚਾਲੇ ਹੋਈ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਵੇਂ ਪਿਓ-ਪੁੱਤ ਸੜਕ ਦੇ ਕਿਨਾਰੇ ਖੜ੍ਹੇ ਸਨ ਅਤੇ ਪਾਰਟੀ ਤੋਂ ਘਰ ਪਰਤਣ ਦੀ ਤਿਆਰੀ ਕਰ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਚਾਰ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਆਸ-ਪਾਸ ਦੇ ਲੋਕਾਂ ਮੁਤਾਬਕ ਦੋਵੇਂ ਕਾਰਾਂ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀਆਂ ਸਨ। ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਨੁਕਸਾਨੀ ਗਈ ਕਾਰ ਬਰੇਜ਼ਾ (ਪੀ.ਬੀ.-08-ਈ.ਐਮ.-6066) ਦੇ ਪਰਖੱਚੇ ਉੱਡ ਗਏ। ਦੂਜੀ ਕਾਰ ਵੈਨਿਊ (ਪੀਬੀ-08-ਈਐਚ-3609) ਤੇ ਤੀਜੀ ਐਕਸਯੂਵੀ (ਪੀਬੀ-08-ਈਐਫ-0900) ਕਾਰ ਨੁਕਸਾਨੀ ਗਈ ਹੈ।

ਥਾਣਾ-6 ਦੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਜਲੰਧਰ ਦੇ ਮਾਡਲ ਟਾਊਨ ਦੇ ਮਾਲ ਰੋਡ ‘ਤੇ ਥਿੰਦ ਆਈ ਹਸਪਤਾਲ ਦੇ ਬਾਹਰ ਇਹ ਹਾਦਸਾ ਵਾਪਰਿਆ। ਇਸ ਘਟਨਾ ‘ਚ ਦੋਵਾਂ ਪਿਓ- ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (53 ਸਾਲ) ਅਤੇ ਸਨਨ ਸ਼ਰਮਾ (17 ਸਾਲ) ਵਾਸੀ ਮਕਦੂਮਪੁਰਾ, ਧੋਬੀ ਮੁਹੱਲਾ ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਦੋਵੇਂ ਪਿਓ-ਪੁੱਤ ਪਾਰਟੀ ਤੋਂ ਘਰ ਪਰਤਣ ਲਈ ਸੜਕ ਕਿਨਾਰੇ ਖੜ੍ਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ।

ਦੱਸ ਦਈਏ ਕਿ ਇਹ ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਘਟਨਾ ਦੇ ਸਮੇਂ ਵਾਹਨਾਂ ਦੀ ਰਫਤਾਰ ਕਾਫੀ ਤੇਜ਼ ਸੀ। ਸੜਕ ‘ਤੇ ਪਏ ਮਕਾਨਾਂ ਦੇ ਮਾਲਕਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰ ਤੱਕ ਪੁਲਿਸ ਇਲਾਕੇ ਦੇ ਸੀਸੀਟੀਵੀ ਸਕੈਨ ਕਰਨ ਵਿੱਚ ਲੱਗੀ ਹੋਈ ਸੀ।