ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਮੋਗਾ ਨੇੜਲੇ ਪਿੰਡ ਖੋਸਾ ਰਣਧੀਰ ਵਿਖੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਖੇਤ ਦਿਵਸ ਮਨਾਇਆ। ਨਾਬਾਰਡ ਦੀ ਵਿੱਤੀ ਸਹਾਇਤਾ ਨਾਲ ਕਰਵਾਏ ਗਏ ਇਸ ਖੇਤੀ ਦਿਵਸ ਵਿੱਚ 150 ਦੇ ਕਰੀਬ ਕਿਸਾਨ ਸ਼ਾਮਿਲ ਹੋਏ।
ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹਾਂਸ ਨੇ ਇਸ ਮੌਕੇ ਖੇਤੀ ਸੂਚਨਾ ਕੇਂਦਰ ਦਾ ਉਦਘਾਟਨ ਕਰਕੇ ਪੇਂਡੂ ਲੋਕਾਂ ਤੱਕ ਨਵੀਨ ਖੇਤੀ ਦੀ ਜਾਣਕਾਰੀ ਦਾ ਕੇਂਦਰ ਸਥਾਪਿਤ ਕੀਤਾ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਸਵਾਗਤੀ ਸ਼ਬਦ ਬੋਲਦਿਆਂ ਵਿਗਿਆਨਕ ਖੇਤੀ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਉਹਨਾਂ ਕਿਸਾਨਾਂ ਨੂੰ ਪੀ.ਏ.ਯੂ. ਦੇ ਖੇਤੀ ਸਾਹਿਤ ਦੇ ਨਾਲ-ਨਾਲ ਪੀ.ਏ.ਯੂ. ਕਿਸਾਨ ਐਪ, ਹਫਤਾਵਾਰ ਲਾਈਵ ਪ੍ਰੋਗਰਾਮ ਅਤੇ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਨਾਲ ਜੁੜਨ ਲਈ ਕਿਹਾ। ਇਸ ਮੌਕੇ ਤੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹਾਂਸ ਨੇ ਕਿਸਾਨਾਂ ਨੂੰ ਮਨੁੱਖੀ ਸੁਰੱਖਿਆ ਲਈ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਵਿਚ ਯੋਗਦਾਨ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀ ਸਹਾਇਤਾ ਸਮੂਹ ਬਣਾ ਕੇ ਕਿਰਾਏ ਦੀਆਂ ਮਸ਼ੀਨਾਂ ਦੀਆਂ ਸੇਵਾਵਾਂ ਦਾ ਲਾਭ ਲੈਣ। ਉਹਨਾਂ ਨੇ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਡਾ. ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਾਉਂਦਿਆਂ ਪਰਾਲੀ ਦੀ ਸੰਭਾਲ ਦੇ ਨੁਕਤੇ ਦੱਸੇ। ਡਾ. ਮਹੇਸ਼ ਨਾਰੰਗ ਨੇ ਖੇਤ ਦੇ ਅੰਦਰ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਦੀਆਂ ਤਕਨਾਲੋਜੀਆਂ ਦੀ ਜਾਣਕਾਰੀ ਦਿੱਤੀ।
ਉਹਨਾਂ ਨੇ ਹੈਪੀਸੀਡਰ, ਮਲਚਰ, ਸੁਪਰਸੀਡਰ, ਬੇਲਰ ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਆਤਮਾ ਦੇ ਪ੍ਰੋਜੈਕਟ ਨਿਰਦੇਸ਼ਕ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਪਾਣੀ, ਭੋਜਨ ਅਤੇ ਛਾਂ ਦੀਆਂ ਲੋੜਾਂ ਲਈ ਦਰੱਖਤਾਂ ਨੂੰ ਬਚਾਉਣ ਦੀ ਗੱਲ ਕੀਤੀ। ਸੰਤ ਬਾਬਾ ਗੁਰਮੀਤ ਸਿੰਘ ਨੇ ਮਨੁੱਖ ਨੂੰ ਤੰਦਰੁਸਤ ਅਤੇ ਖੁਸ਼ਹਾਲ ਰਹਿਣ ਲਈ ਕੁਦਰਤ ਦੀ ਸੰਭਾਲ ਕਰਨ ਲਈ ਕਿਹਾ।
ਨਾਬਾਰਡ ਦੇ ਉੱਪ ਨਿਰਦੇਸ਼ਕ ਜਨਰਲ ਸ੍ਰੀ ਰਾਸ਼ਿਦ ਲੇਖੀ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਮੋਗਾ ਦੇ ਉੱਪ ਨਿਰਦੇਸ਼ਕ ਡਾ. ਅਮਨਦੀਪ ਸਿੰਘ ਬਰਾੜ ਨੇ ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਡਾ. ਲਖਵਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ