10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਸਾਲ ‘ਚ 2 ਵਾਰ ਦੇ ਸਕਣਗੇ ਪ੍ਰੀਖਿਆ!

ਡੈਸਕ- ਜੇ ਤੁਸੀਂ 10ਵੀਂ ਜਾਂ 12ਵੀਂ (ਬੋਰਡ ਦੀ ਪ੍ਰੀਖਿਆ) ਵਿੱਚ ਪੜ੍ਹ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਕੇਂਦਰ ਸਰਕਾਰ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਅਨੁਸਾਰ ਅਗਲੇ ਸਾਲ ਯਾਨੀ 2025 ਤੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ। ਸਿੱਖਿਆ ਮੰਤਰਾਲੇ ਨੇ ਅਗਲੇ ਅਕਾਦਮਿਕ ਸੈਸ਼ਨ 2025-26 ਤੋਂ ਸਾਲ ਵਿੱਚ ਦੋ ਵਾਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਨਵੇਂ ਫੈਸਲੇ ਮੁਤਾਬਕ ਹੁਣ ਪਹਿਲੀ ਪ੍ਰੀਖਿਆ ਅਪ੍ਰੈਲ ਮਹੀਨੇ ਅਤੇ ਦੂਜੀ ਪ੍ਰੀਖਿਆ ਫਰਵਰੀ ਮਹੀਨੇ ਲਈ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਯਾਨੀ ਜੇਈਈ ਦੀ ਤਰਜ਼ ‘ਤੇ ਕਰਵਾਉਣ ਲਈ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਨਿਯਮ ਨੂੰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾਵੇ, ਇਸ ਲਈ ਸਰਕਾਰ ਸੀਬੀਐਸਈ ਅਤੇ ਹੋਰ ਬੋਰਡਾਂ ਨਾਲ ਇਸ ਬਾਰੇ ਗੱਲਬਾਤ ਕਰ ਰਹੀ ਹੈ।

ਸਾਲ ਵਿੱਚ ਦੋ ਵਾਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਨਾਲ ਬੱਚਿਆਂ ਨੂੰ ਕਾਫੀ ਰਾਹਤ ਮਿਲੇਗੀ। ਪ੍ਰੀਖਿਆਵਾਂ ਨੂੰ ਲੈ ਕੇ ਉਹ ਜੋ ਤਣਾਅ ਮਹਿਸੂਸ ਕਰਦੇ ਹਨ, ਉਹ ਖਤਮ ਹੋ ਜਾਵੇਗਾ। ਇਸ ਨਾਲ ਉਨ੍ਹਾਂ ਦਾ ਸਾਲ ਵੀ ਖਰਾਬ ਹੋਣ ਤੋਂ ਬਚ ਜਾਵੇਗਾ। ਅਸਲ ਵਿੱਚ ਇੱਕ ਵਾਰ ਇਮਤਿਹਾਨ ਗਲਤ ਹੋ ਜਾਣ ਨਾਲ ਬੱਚੇ ਦਾ ਸਾਲ ਵੀ ਖਰਾਬ ਹੋ ਜਾਂਦਾ ਹੈ। ਅਜਿਹੇ ‘ਚ ਉਸ ਨੂੰ ਦੁਬਾਰਾ ਉਸੇ ਜਮਾਤ ‘ਚ ਪੜ੍ਹਨਾ ਪੈਂਦਾ ਹੈ। ਪਰ ਸਰਕਾਰ ਦੇ ਇਸ ਨਵੇਂ ਫੈਸਲੇ ਨਾਲ ਹੁਣ ਵਿਦਿਆਰਥੀਆਂ ਕੋਲ ਸਾਲ ਵਿੱਚ ਦੋ ਵਾਰ ਪ੍ਰੀਖਿਆ ਦੇਣ ਦਾ ਵਿਕਲਪ ਹੋਵੇਗਾ। ਜਿਸ ਮੁਤਾਬਕ ਜੇ ਕੋਈ ਬੱਚਾ ਅਪ੍ਰੈਲ ਵਿੱਚ ਆਪਣੀ ਪ੍ਰੀਖਿਆ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਪ੍ਰੀਖਿਆ ਲਈ ਇੱਕ ਸਾਲ ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਸ ਕੋਲ ਫਰਵਰੀ ਵਿੱਚ ਪ੍ਰੀਖਿਆ ਲਈ ਹਾਜ਼ਰ ਹੋਣ ਦਾ ਵਿਕਲਪ ਹੋਵੇਗਾ।

ਨਵੀਂ ਸਿੱਖਿਆ ਨੀਤੀ ਤਹਿਤ ਕੇਂਦਰ ਸਰਕਾਰ ਨੇ ਪਿਛਲੇ ਸਾਲ ਸਿੱਖਿਆ ਪ੍ਰਣਾਲੀ ਵਿੱਚ ਕਈ ਬਦਲਾਅ ਕਰਨ ਦਾ ਐਲਾਨ ਕੀਤਾ ਸੀ। ਕਿਤਾਬਾਂ ਦੇ ਨਾਲ, ਇਸ ਵਿੱਚ 2024 ਦੇ ਅਕਾਦਮਿਕ ਸੈਸ਼ਨ ਲਈ ਨਵੇਂ ਸਿਲੇਬਸ ਵਰਕ ਫਰੇਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਵੇਂ ਸਿਲੇਬਸ ਵਿੱਚ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣਾ ਵੀ ਸ਼ਾਮਲ ਹੈ। ਇਸ ਤਹਿਤ ਬੱਚਾ ਇਮਤਿਹਾਨ ‘ਚ ਚੰਗੇ ਅੰਕ ਪ੍ਰਾਪਤ ਕਰਨ ਦੇ ਆਧਾਰ ‘ਤੇ ਅੱਗੇ ਦੀ ਪੜ੍ਹਾਈ ਕਰ ਸਕੇਗਾ। ਦਰਅਸਲ, ਸਾਲ ਵਿੱਚ ਦੋ ਵਾਰ ਇਮਤਿਹਾਨ ਕਰਵਾਉਣ ਦੇ ਫੈਸਲੇ ਪਿੱਛੇ ਸਰਕਾਰ ਦੀ ਕੋਸ਼ਿਸ਼ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੋਣ ਵਾਲੇ ਤਣਾਅ ਨੂੰ ਦੂਰ ਕਰਨ ਦੇ ਨਾਲ-ਨਾਲ ਸਿੱਖਿਆ ਪ੍ਰਣਾਲੀ ਨੂੰ ਆਸਾਨ ਬਣਾਉਣ ਦੀ ਵੀ ਹੈ।