Las Vegas: CES ਭਾਵ ਕਿ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ’ਚ ਸ਼ੁਰੂ ਹੋ ਚੁੱਕਾ ਹੈ। ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ’ਚ ਕਰੀਬ 130,000 ਹਾਜ਼ਰੀਨ ਅਤੇ 4,000 ਤੋਂ ਵੱਧ ਪ੍ਰਦਰਸ਼ਕਾਂ ਦੇ ਆਉਣ ਦੀ ਉਮੀਦ ਹੈ। 9 ਤੋਂ 12 ਜਨਵਰੀ ਤੱਕ ਚੱਲਣ ਵਾਲੇ ਇਸ ਸ਼ੋਅ ’ਚ ਨਿੱਜੀ ਤਕਨੀਕ, ਆਵਾਜਾਈ, ਸਿਹਤ ਦੇਖ-ਰੇਖ, ਸਥਿਰਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤਮ ਨਮੂਨੇ ਪੇਸ਼ ਕੀਤੇ ਜਾਣਗੇ।
ਇਸ ਸੰਬੰਧੀ ਮੰਗਲਵਾਰ ਨੂੰ ਗੱਲਬਾਤ ਕਰਦਿਆਂ ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ (ਸੀਟੀਏ) ਦੇ ਪ੍ਰਧਾਨ ਅਤੇ ਸੀਈਓ ਗੈਰੀ ਸ਼ਾਪੀਰੋ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਲਾਸ ਵੇਗਾਸ ਕਨਵੈਨਸ਼ਨ ਸੈਂਟਰ ਦੇ ਮੁੱਖ ਕੇਂਦਰ ਦੇ ਨਾਲ ਲਾਸ ਵੇਗਾਸ ਸਟਰਿੱਪ ’ਚ ਆਯੋਜਿਤ ਚਾਰ-ਦਿਨਾ ਸਮਾਗਮ ’ਚ 130,000 ਤੋਂ ਵੱਧ ਹਾਜ਼ਰੀਨ ਦੇ ਪਹੁੰਚਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਆਖਿਆ, ‘‘ਸੀਈਐਸ ਉਹ ਥਾਂ ਹੈ ਜਿੱਥੇ ਵਪਾਰ ਅਤੇ ਨੀਤੀ ਇਕੱਠੇ ਹੁੰਦੇ ਹਨ, B2B ਅਤੇ B2C ਕੁਨੈਕਸ਼ਨ ਬਣਾਉਣ ਲਈ ਇਸ ਵਰਗੀ ਕੋਈ ਥਾਂ ਨਹੀਂ ਹੈ।’’
ਸੀ. ਈ. ਐੱਸ. ਦੇ ਸਭ ਤੋਂ ਵੱਧ ਚਰਚਿਤ ਵਿਸ਼ਿਆਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਮਨੋਰੰਜਨ, ਆਫਿਸ ਹਾਰਡਵੇਅਰ, ਗੇਮਿੰਗ ਅਤੇ ਈ-ਸਪੋਰਟਸ ਆਦਿ ਸ਼ਾਮਿਲ ਹਨ। ਦੁਨੀਆ ਭਰ ਦੀਆਂ ਵੱਖ-ਵੱਖ ਕੰਪਨੀਆਂ ਸੀ. ਈ. ਐੱਸ. ਦੀ ਵਰਤੋਂ ਰਣਨੀਤਿਕ ਤੌਰ ’ਤੇ ਤਕਨਾਲੋਜੀ, ਸਮਾਰਟ ਹੋਮ ਇਨੋਵੇਸ਼ਨਾਂ, ਸਹਾਇਕ ਤਕਨੀਕ ਅਤੇ ਉੱਦਮੀਆਂ ਤੇ ਖਪਤਕਾਰਾਂ ਦੋਹਾਂ ਲਈ ਹੱਲ ਪੇਸ਼ ਕਰਨ ਲਈ ਅਣਕਿਆਸੀ ਭਾਈਵਾਲੀ ਬਣਾਉਣ ਲਈ ਕਰਦੀਆਂ ਹਨ।