ਚੰਡੀਗੜ੍ਹ- ਲਗਾਤਾਰ ਦੋ ਵਾਰ ਪੰਜਾਬ ਚ ਸਰਕਾਰ ਬਨਾਉਣ ਵਾਲਾ ਅਕਾਲੀ ਦਲ ਹੁਣ ਸਿਆਸਤ ਚ ਮਾੜਾ ਦੌਰ ਵੇਖ ਰਿਹਾ ਹੈ । ਦਿੱਗਜਾਂ ਦੀ ਹਾਰ ਦੇ ਨਾਲ ਹੁਣ ਪਾਰਟੀ ਚ ਕਲੇਸ਼ ਵੱਧਦਾ ਹੀ ਜਾ ਰਿਹਾ ਹੈ । ਰਾਸ਼ਟਰਪਤੀ ਚੋਣ ਚ ਹਿੱਸੇਦਾਰੀ ਨੂੰ ਲੈ ਕੇ ਮਨਪ੍ਰੀਤ ਇਆਲੀ ਦੇ ਵਿਰੋਧ ਦੇ ਬਾਅਦ ਹੁਣ ਪਾਰਟੀ ਦੇ ਸੀਨੀਅਰ ਟਕਸਾਲੀ ਨੇਤਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਨਾਰਾਜ਼ ਹੋ ਗਏ ਹਨ ।
ਦਰਅਸਲ ਵਿਧਾਨ ਸਭਾ ਚੋਣਾ ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਲੋਂ ਝੂੰਡਾ ਕਮੇਟੀ ਦਾ ਗਠਨ ਕੀਤਾ ਗਿਆ ਸੀ । 16 ਮੈਂਬਰੀ ਕਮੇਟੀ ਨੇ ਪੰਜਾਬ ਦੇ ਵਰਕਰਾਂ ਨੂੰ ਮਿਲ ਕੇ ਹਾਰ ਦੇ ਕਾਰਣਾ ਬਾਰੇ ਜਾਣਕਾਰੀ ਇਕੱਤਰ ਕਰ ਰਿਪੋਰਟ ਪੇਸ਼ ਕਰਨੀ ਸੀ ।ਇਕਬਾਲ ਸਿੰਘ ਝੂੰਡਾ ਦੀ ਕਮੇਟੀ ਵਲੋਂ ਬਣਾਈ ਰਿਪੋਰਟ ਨੂੰ ਬੀਤੇ ਕੱਲ੍ਹ ਪਾਰਟੀ ਦੀ ਕੋਰ ਕਮੇਟੀ ਚ ਪੇਸ਼ ਕਰ ਦਿੱਤਾ ਗਿਆ । ਸੀਨੀਅਰ ਨੇਾ ਪੇ੍ਰਮ ਸਿੰਘ ਚੰਦੂਮਾਜਰਾ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ । ਚੰਦੂਮਾਜਰਾ ਮੁਤਾਬਿਕ ਕਮੇਟੀ ਵਲੋਂ ਤਿਆਰ ਕੀਤੀ ਗਈ ਰਿਪੋਰਟ ‘ਤੇ ਪਹਿਲਾਂ ਸਮੀਖਿਆ ਕੀਤੀ ਜਾਣ ਸੀ । ਫਿਰ ਇਸ ਨੂੰ ਕੋਰ ਕਮੇਟੀ ਅੱਗੇ ਪੇਸ਼ ਕਰਨਾ ਸੀ । ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਨਿਯਮ ਤੋੜ ਕੇ ਇਸ ਨੂੰ ਸਵੀਕਾਰ ਕਰ ਲਿਆ । ਚੰਦੂਮਾਜਰਾ ਮੁਤਾਬਿਕ ਅਜਿਹੇ ਚ ਇਸ ਕਮੇਟੀ ਅਤੇ ਇਸ ਰਿਪੋਰਟ ਦਾ ਕੋਈ ਤੁੱਕ ਹੀ ਨਹੀਂ ਰਹਿ ਜਾਂਦਾ ।